ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

Monday, Oct 26, 2026 - 02:47 PM (IST)

ਆਰਥਿਕ ਮੋਰਚੇ ’ਤੇ ਵੀ ਲੜੀਆਂ ਜਾ ਰਹੀਆਂ ਜੰਗਾਂ, ਬੈਂਕਿੰਗ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣਾ ਜ਼ਰੂਰੀ : PM ਮੋਦੀ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਜੰਗਾਂ ਹੁਣ ਸਿਰਫ ਰਵਾਇਤੀ ਤਰੀਕਿਆਂ ਨਾਲ ਨਹੀਂ, ਸਗੋਂ ਅਰਥਵਿਵਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਵੀ ਲੜੀਆਂ ਜਾ ਰਹੀਆਂ ਹਨ। ਉਨ੍ਹਾਂ ਭਾਰਤ ਦੇ ਬੈਂਕਿੰਗ ਸਿਸਟਮ ਨੂੰ ਸਾਈਬਰ ਅੱਤਵਾਦੀਆਂ ਤੋਂ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਭੁਵਨੇਸ਼ਵਰ ਵਿਖੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ 169 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਡਾਟਾ ਸੈਂਟਰ ਅਤੇ ਸਾਈਬਰ ਸੁਰੱਖਿਆ ਟ੍ਰੇਨਿੰਗ ਇੰਸਟੀਚਿਊਟ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਹੂਲਤਾਂ ਤੋਂ ਓਡਿਸ਼ਾ ਅਤੇ ਦੇਸ਼ ਦੇ ਲੋਕਾਂ ਨੂੰ ਕਾਫੀ ਲਾਭ ਹੋਵੇਗਾ।

ਉਨ੍ਹਾਂ ਕਿਹਾ, ‘‘ਸਾਡੇ ਲਈ ਵਿਕਾਸ ਦਾ ਮਤਲਬ ਭਾਰਤ ਦਾ ਸੰਤੁਲਿਤ ਵਾਧਾ ਅਤੇ ਪਿੰਡਾਂ ਤੇ ਛੋਟੇ ਸ਼ਹਿਰਾਂ ਲਈ ਮੌਕੇ ਮੁਹੱਈਆ ਕਰਾਉਣਾ ਹੈ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਬੈਂਕਿੰਗ ਖੇਤਰ ਹੁਣ ਦੁਨੀਆ ਦੇ ਸਭ ਤੋਂ ਕੁਸ਼ਲ ਖੇਤਰਾਂ ’ਚ ਸ਼ਾਮਲ ਹੈ ਅਤੇ ਲੋਕਾਂ ਨੂੰ 24 ਘੰਟੇ ਬੈਂਕਿੰਗ ਸੇਵਾਵਾਂ ਉਪਲਬਧ ਹਨ। ਉਨ੍ਹਾਂ ਕਿਹਾ ਕਿ ਛੋਟੇ ਉੱਦਮੀਆਂ, ਰਵਾਇਤੀ ਕਾਰੀਗਰਾਂ, ਰੇਹੜੀ-ਫੜ੍ਹੀ ਵਾਲਿਆਂ ਅਤੇ ਅਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਪਹਿਲੀ ਵਾਰ ਬੈਂਕਿੰਗ ਸੇਵਾਵਾਂ ਦਾ ਲਾਭ ਮਿਲਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਕਾਂਗਰਸ ਦੇ ਸ਼ਾਸਨਕਾਲ ’ਚ ਬੈਂਕਿੰਗ ਸਹੂਲਤਾਂ ਸਿਰਫ ਕੁਝ ਅਮੀਰ ਅਤੇ ਪ੍ਰਭਾਵਸ਼ਾਲੀ ਲੋਕਾਂ ਤੱਕ ਸੀਮਤ ਸਨ। ਉਨ੍ਹਾਂ ਨੂੰ ਆਸਾਨੀ ਨਾਲ ਕਰਜ਼ਾ ਮਿਲ ਜਾਂਦਾ ਸੀ, ਜਦਕਿ ਗਰੀਬਾਂ, ਦਰਮਿਆਨੇ ਵਰਗ ਅਤੇ ਔਰਤਾਂ ਨੂੰ ਅਜਹੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾਂਦਾ ਸੀ। ਹਾਲਾਂਕਿ, 2014 ਤੋਂ ਬਾਅਦ ਸੰਤੁਲਿਤ ਦ੍ਰਿਸ਼ਟੀਕੋਣ ਅਪਨਾਉਣ ਨਾਲ ਸਥਿਤੀ ਬਦਲੀ। ਪਹਿਲਾਂ ਆਮ ਲੋਕਾਂ ਲਈ ਡੈਬਿਟ ਅਤੇ ਕ੍ਰੈਡਿਟ ਕਾਰਡ ਲਗਜ਼ਰੀ ਵਸਤਾਂ ਸਨ, ਪਰ ਹੁਣ ਇਹ ਸਾਰਿਆਂ ਲਈ ਉਪਲਬਧ ਹਨ।’’ ਉਨ੍ਹਾਂ ਕਿਹਾ, ‘‘ਪਿਛਲਾ ਦਹਾਕਾ ਉਨ੍ਹਾਂ ਲੋਕਾਂ ਤੱਕ ਬੈਂਕਿੰਗ ਸੇਵਾਵਾਂ ਪਹੁੰਚਾਉਣ ਲਈ ਸਮਰਪਿਤ ਸੀ, ਜੋ ਇਨ੍ਹਾਂ ਤੋਂ ਵਾਂਝੇ ਸਨ। ਆਉਣ ਵਾਲਾ ਦਹਾਕਾ ਬੈਂਕਿੰਗ ਸੇਵਾਵਾਂ ਨੂੰ ਜ਼ਿਆਦਾ ਕੁਸ਼ਲ ਅਤੇ ਭਰੋਸੇਮੰਦ ਬਣਾਉਣ ਦਾ ਹੋਵੇਗਾ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਓਡਿਸ਼ਾ ਮਾਈਨਿੰਗ ਤੋਂ ਲੈ ਕੇ ‘ਮਾਈਕ੍ਰੋਚਿਪ’ ਤੱਕ ਦੇ ਖੇਤਰਾਂ ’ਚ ਆਪਣਾ ਭਵਿੱਖ ਘੜੇਗਾ ਅਤੇ ਨੌਜਵਾਨਾਂ ਲਈ ਮੌਕਿਆਂ ਦੇ ਕਈ ਬੂਹੇ ਖੁੱਲ੍ਹਣਗੇ।

ਆਰ. ਬੀ. ਆਈ. ਦੇ ਡਾਟਾ ਸੈਂਟਰ ਅਤੇ ਸਾਈਬਰ ਸੁਰੱਖਿਆ ਸਿਖਲਾਈ ਸੰਸਥਾਨ ਦੇ ਉਦਘਾਟਨ ਦੇ ਮੌਕੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਆਰ. ਬੀ. ਆਈ. ਗਵਰਨਰ ਸੰਜੇ ਮਲਹੋਤਰਾ, ਓਡਿਸ਼ਾ ਦੇ ਰਾਜਪਾਲ ਬ੍ਰਿਜਮੋਹਨ ਰਾਮ, ਮੁੱਖ ਮੰਤਰੀ ਮੋਹਨ ਚਰਨ ਮਾਝੀ, ਕੇਂਦਰੀ ਜਨਜਾਤੀ ਮਾਮਲਿਆਂ ਬਾਰੇ ਮੰਤਰੀ ਜੁਏਲ ਓਰਾਮ ਅਤੇ ਉਪ-ਮੁੱਖ ਮੰਤਰੀ ਕਨਕ ਵਰਧਨ ਸਿੰਘ ਦੇਵ ਤੇ ਪ੍ਰਵਾਤੀ ਪਰਿਦਾ ਵੀ ਹਾਜ਼ਰ ਸਨ। ਅਧਿਕਾਰੀਆਂ ਨੇ ਦੱਸਿਆ ਕਿ ਆਰ. ਬੀ. ਆਈ. ਦੀ ਇਹ ਸਹੂਲਤ ਜਟਨੀ ਦੇ ਇਨਫੋ ਵੈਲੀ-2 ’ਚ 18.55 ਏਕੜ ’ਚ ਫੈਲੀ ਹੈ ਅਤੇ ਇਸ ਦਾ ਨੀਂਹ-ਪੱਥਰ ਤਤਕਾਲੀ ਆਰ. ਬੀ. ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ 22 ਮਾਰਚ, 2023 ਨੂੰ ਰੱਖਿਆ ਸੀ।


author

Harpreet SIngh

Content Editor

Related News