ਅਰਥਸ਼ਾਸਤਰੀਆਂ ਨਾਲ ਮੋਦੀ ਨੇ ਕੀਤੀ ਬੈਠਕ ; ਰੁਜ਼ਗਾਰ ਤੇ ਖੇਤੀ ਉਤਪਾਦਕਤਾ ਵਧਾਉਣ ’ਤੇ ਚਰਚਾ

Tuesday, Dec 24, 2024 - 11:53 PM (IST)

ਅਰਥਸ਼ਾਸਤਰੀਆਂ ਨਾਲ ਮੋਦੀ ਨੇ ਕੀਤੀ ਬੈਠਕ ; ਰੁਜ਼ਗਾਰ ਤੇ ਖੇਤੀ ਉਤਪਾਦਕਤਾ ਵਧਾਉਣ ’ਤੇ ਚਰਚਾ

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਉੱਘੇ ਅਰਥਸ਼ਾਸਤਰੀਆਂ ਨਾਲ ਆਉਣ ਵਾਲੇ ਬਜਟ ’ਤੇ ਉਨ੍ਹਾਂ ਦੇ ਸੁਝਾਅ ਤੇ ਵਿਚਾਰ ਜਾਣਨ ਲਈ ਬੈਠਕ ਕੀਤੀ ਜਿਸ ’ਚ ਰੁਜ਼ਗਾਰ ਪੈਦਾ ਕਰਨ, ਖੇਤੀ ਉਤਪਾਦਕਤਾ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਨੀਤੀ ਆਯੋਗ ’ਚ ਹੋਈ ਇਸ ਬੈਠਕ ’ਚ ਪ੍ਰਧਾਨ ਮੰਤਰੀ ਮੋਦੀ ਨੇ 2025-26 ਦੇ ਬਜਟ ਬਾਰੇ ਅਰਥਸ਼ਾਸਤਰੀਆਂ ਤੇ ਮਾਹਿਰਾਂ ਦੇ ਵਿਚਾਰ ਤੇ ਸੁਝਾਅ ਸੁਣੇ।

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 1 ਫਰਵਰੀ, 2025 ਨੂੰ ਲੋਕ ਸਭਾ ’ਚ ਵਿੱਤੀ ਸਾਲ 2025-26 ’ਦਾ ਬਜਟ ਪੇਸ਼ ਕਰੇਗੀ। ਅਧਿਕਾਰਤ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਬੈਠਕ ’ਚ ਕਿਹਾ ਕਿ 2047 ਤੱਕ ਦੇਸ਼ ਨੂੰ ਵਿਕਸਿਤ ਬਣਾਉਣ ’ਤੇ ਧਿਆਨ ਕੇਂਦਰਿਤ ਕਰਦੇ ਹੋਏ ਮਾਨਸਿਕਤਾ ’ਚ ਬੁਨਿਆਦੀ ਤਬਦੀਲੀ ਰਾਹੀਂ ਵਿਕਸਿਤ ਭਾਰਤ ਦਾ ਟੀਚਾ ਹਾਸਲ ਕੀਤਾ ਜਾ ਸਕਦਾ ਹੈ।

ਬੈਠਕ ’ਚ ਅਰਥ ਸ਼ਾਸਤਰੀਆਂ ਅਤੇ ਮਾਹਿਰਾਂ ਨੇ ਵੱਖ-ਵੱਖ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ’ਚ ਵਿਸ਼ਵ ਪੱਧਰੀ ਆਰਥਿਕ ਅਤੇ ਸਿਅਾਸੀ ਗੈਰ-ਯਕੀਨੀ ਰਾਹੀਂ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨਾ, ਨੌਜਵਾਨਾਂ ਲਈ ਰੁਜ਼ਗਾਰ ਵਧਾਉਣ ਦੀਆਂ ਰਣਨੀਤੀਆਂ ਤੇ ਸਾਰੇ ਖੇਤਰਾਂ ਚ ਟਿਕਾਊ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਸ਼ਾਮਲ ਹੈ।

ਸਿੱਖਿਆ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਰੋਜ਼ਗਾਰ ਬਾਜ਼ਾਰ ਦੀਆਂ ਉਭਰਦੀਆਂ ਲੋੜਾਂ ਨਾਲ ਜੋੜਨ, ਖੇਤੀਬਾੜੀ ਉਤਪਾਦਕਤਾ ਵਧਾਉਣ, ਟਿਕਾਊ ਪੇਂਡੂ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਨਿੱਜੀ ਨਿਵੇਸ਼ ਨੂੰ ਖਿਚਣ ਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ ਫੰਡ ਜੁਟਾਉਣ ਬਾਰੇ ਵੀ ਸੁਝਾਅ ਦਿੱਤੇ ਗਏ।

ਬਿਆਨ ਮੁਤਾਬਕ ਬੈਠਕ ’ਚ ਵਿੱਤੀ ਸਮਾਵੇਸ਼ ਅਤੇ ਬਰਾਮਦ ਨੂੰ ਉਤਸ਼ਾਹਿਤ ਕਰਨ ਤੇ ਵਿਦੇਸ਼ੀ ਨਿਵੇਸ਼ ਨੂੰ ਖਿੱਚਣ ਲਈ ਵੀ ਸੁਝਾਅ ਦਿੱਤੇ ਗਏ।

ਬੈਠਕ ’ਚ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਵਿਸ਼ਲੇਸ਼ਕ ਸੁਰਜੀਤ ਐੱਸ ਭੱਲਾ, ਅਸ਼ੋਕ ਗੁਲਾਟੀ, ਸੁਦੀਪਤੋ ਮੰਡਲ, ਧਰਮ ਕੀਰਤੀ ਜੋਸ਼ੀ, ਜਨਮੇਜੇ ਸਿਨ੍ਹਾ, ਮਦਨ ਸਬਨਵੀਸ, ਅਮਿਤਾ ਬੱਤਰਾ, ਕਲਾਕਾਰਾਂ ’ਚ ਰਿਧਮ ਦੇਸਾਈ, ਚੇਤਨ , ਭਰਤ ਰਾਮਾਸਵਾਮੀ, ਸੌਮਿਆ ਕਾਂਤੀ ਘੋਸ਼, ਸਿਧਾਰਥ ਸਾਨਿਆਲ, ਲਵਿਸ਼ ਭੰਡਾਰੀ, ਰਜਨੀ ਸਿਨ੍ਹਾ, ਕੇਸ਼ਬ ਦਾਸ, ਪ੍ਰੀਤਮ ਬੈਨਰਜੀ, ਰਾਹੁਲ ਬਜੋਰੀਆ, ਨਿਖਿਲ ਗੁਪਤਾ ਤੇ ਸ਼ਾਸ਼ਵਤ ਆਲੋਕ ਸ਼ਾਮਲ ਸਨ। ਇਹ ਬੈਠਕ ਆਰਥਿਕ ਵਿਕਾਸ ਦੀ ਮੰਦੀ ਦਰਮਿਆਨ ਹੋਈ ਹੈ।


author

Rakesh

Content Editor

Related News