ਛਤੀਸਗੜ੍ਹ 'ਚ ਕਾਂਗਰਸ 'ਤੇ ਵਰ੍ਹੇ PM ਮੋਦੀ, ਕਿਹਾ- ਸੂਬੇ ਦੇ ਵਿਕਾਸ 'ਚ ਕੰਧ ਬਣ ਕੇ ਖੜ੍ਹਾ ਹੈ ਪਾਰਟੀ ਦਾ ਪੰਜਾ
Friday, Jul 07, 2023 - 05:31 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕੀਤਾ। ਉਹ ਕਾਂਗਰਸ 'ਤੇ ਜੰਮ ਕੇ ਵਰ੍ਹੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਛੱਤੀਸਗੜ੍ਹ ਲਈ 36 ਵਾਅਦੇ ਕੀਤੇ ਸਨ ਜਿਸ ਵਿਚ ਇਕ ਸ਼ਰਾਬਬੰਦੀ ਵੀ ਸੀ ਪਰ 5 ਸਾਲ ਬੀਤ ਗਏ ਅਤੇ ਪਾਰਟੀ ਨੇ ਸੂਬੇ 'ਚ ਹਜ਼ਾਰਾਂ ਕਰੋੜ ਦਾ ਸ਼ਰਾਬ ਘਪਲਾ ਕਰ ਦਿੱਤਾ।
ਉਥੇ ਹੀ ਇਸਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸੂਬੇ 'ਚ 7 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ।
ਪੀ.ਐੱਮ. ਮੋਦੀ ਨੇ ਕਿਹਾ ਕਿ ਕੋਲਾ ਮਾਫੀਆ, ਰੇਤ ਮਾਫੀਆ, ਜ਼ਮੀਨ ਮਾਫੀਆ... ਪਤਾ ਨਹੀਂ ਕਈ ਮਾਫੀਆ ਇਥੇ ਵੱਧ-ਫੁੱਲ ਰਹੇ ਹਨ। ਇਥੇ ਸੂਬੇ ਦੇ ਮੁਖੀ ਤੋਂ ਲੈ ਕੇ ਤਮਾਮ ਮੰਤਰੀਆਂ ਅਤੇ ਅਧਿਕਾਰੀਆਂ ਤਕ 'ਤੇ ਘਪਲੇ ਦੇ ਗੰਭੀਰ ਤੋਂ ਗੰਭੀਰ ਦੋਸ਼ ਲਗਦੇ ਰਹੇ ਹਨ। ਅੱਜ ਛੱਤੀਸਗੜ੍ਹ ਸਰਕਾਰ, ਕਾਂਗਰਸ ਦੇ ਕਰਪਸ਼ਨ ਅਤੇ ਕੁਸ਼ਾਸਨ ਦਾ ਮਾਡਲ ਬਣ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰੋਮ-ਰੋਮ 'ਚ ਕਰਪਸ਼ਨ ਹੈ। ਕਰਪਸ਼ਨ ਦੇ ਬਿਨਾਂ ਕਾਂਗਰਸ ਸਾਹ ਵੀ ਨਹੀਂ ਲੈ ਸਕਦੀ। ਕਰਪਸ਼ਨ, ਕਾਂਗਰਸ ਦੀ ਸਭ ਤੋਂ ਵੱਡੀ ਵਿਚਾਰਧਾਰਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਉਹ ਸੂਬਾ ਹੈ, ਜਿਸਦੇ ਨਿਰਮਾਣ 'ਚ ਭਾਜਪਾ ਦੀ ਪ੍ਰਮੁੱਖ ਭੂਮਿਕਾ ਰਹੀ ਹੈ। ਭਾਜਪਾ ਹੀ ਛੱਤੀਸਗੜ੍ਹ ਦੇ ਲੋਕਾਂ ਨੂੰ ਸਮਝਦੀ ਹੈ, ਉਨ੍ਹਾਂ ਦੀਆਂ ਲੋੜਾਂ ਨੂੰ ਜਾਣਦੀ ਹੈ। ਅੱਜ ਇੱਥੇ 7,000 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਅਤੇ ਉਦਘਾਟਨ ਕੀਤਾ ਗਿਆ।
ਪੀ.ਐੱਮ. ਨੇ ਕਿਹਾ ਕਿ ਛੱਤੀਸਗੜ੍ਹ ਦੇ ਵਿਕਾਸ ਦੇ ਸਾਹਮਣੇ ਇਕ ਬਹੁਤ ਵੱਡਾ ਪੰਜਾ ਕੰਧ ਬਣ ਕੇ ਖੜ੍ਹਾ ਹੋ ਗਿਆ ਹੈ। ਇਹ ਕਾਂਗਰਸ ਦਾ ਪੰਜਾ ਹੈ, ਜੋ ਤੁਹਾਡੇ ਕੋਲੋਂ ਤੁਹਾਡਾ ਹੱਕ ਖੋਹ ਰਿਹਾ ਹੈ। ਇਸ ਪੰਜੇ ਨੇ ਠਾਣ ਲਿਆ ਹੈ ਕਿ ਉਹ ਛੱਤੀਸਗੜ੍ਹ ਨੂੰ ਲੁੱਟ-ਲੁੱਟ ਕੇ ਬਰਬਾਦ ਕਰ ਦੇਵੇਗਾ।
ਉਨ੍ਹਾਂ ਕਾਂਗਰਸ 'ਤੇ ਗੰਗਾ ਨੂੰ ਲੈ ਕੇ ਝੂਠ ਬੋਲਣ ਦਾ ਦੋਸ਼ ਲਗਾਇਆ। ਮੋਦੀ ਨੇ ਕਿਹਾ ਕਿ ਗੰਗਾ ਜੀ ਦੀ ਝੂਟੀ ਸਹੁੰ ਖਾਣ ਦਾ ਪਾਪ ਕਾਂਗਰਸ ਹੀ ਕਰ ਸਕਦੀ ਹੈ। ਗੰਗਾ ਜੀ ਦੀ ਸਹੁੰ ਖਾ ਕੇ ਇਨ੍ਹਾਂ ਨੇ ਇਕ ਘੋਸ਼ਣਾ ਪੱਤਰ ਜਾਰੀ ਕੀਤਾ ਸੀ ਅਤੇ ਉਸ ਵਿਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸਨ ਪਰ ਅੱਜ ਉਸ ਘੋਸ਼ਣਾ ਪੱਤਰ ਦੀ ਯਾਦ ਦਿਵਾਉਂਦੇ ਹੀ ਕਾਂਗਰਸ ਦੀ ਯਾਦਦਾਸ਼ਤ ਹੀ ਚਲੀ ਜਾਂਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਨਾਲ 36 ਵਾਅਦੇ ਜੋ ਕਾਂਗਰਸ ਨੇ ਕੀਤੇ ਸਨ, ਉਨ੍ਹਾਂ 'ਚ ਇਕ ਸੀ ਕਿ ਸੂਬੇ 'ਚ ਸ਼ਰਾਬ ਬੰਦੀ ਕੀਤੀ ਜਾਵੇਗੀ। 5 ਸਾਲ ਬੀਤ ਗਏ ਪਰ ਸੱਚ ਇਹ ਹੈ ਕਿ ਕਾਂਗਰਸ ਨੇ ਛੱਤੀਸਗੜ੍ਹ 'ਚ ਹਜ਼ਾਰਾਂ ਕਰੋੜ ਦਾ ਸ਼ਰਾਬ ਘਪਲਾ ਕਰ ਦਿੱਤਾ ਹੈ ਅਤੇ ਇਸਦੀ ਪੂਰੀ ਜਾਣਕਾਰੀ ਅਖਬਾਰਾਂ 'ਚ ਭਰੀ ਪਈ ਹੈ।
7 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ
ਪੀ.ਐੱਮ. ਨੇ ਕਿਹਾ ਕਿ ਅੱਜ ਛੱਤੀਸਗੜ੍ਹ 2-2 ਵਪਾਰਕ ਕਾਰੀਡੋਰ ਨਾਲ ਜੁੜ ਰਿਹਾ ਹੈ। ਰਾਏਪੁਰ-ਧਨਬਾਦ ਵਪਾਰਕ ਕਾਰੀਡੋਰ ਅਤੇ ਰਾਏਪੁਰ-ਵਿਸ਼ਾਖਾਪਟਨਮ ਵਪਾਰਕ ਕਾਰੀਡੋਰ ਇਸ ਖੇਤਰ ਦਾ ਭਾਗ ਬਦਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਛੱਤੀਸਗੜ੍ਹ ਦੇ ਪਿੰਡਾਂਨੂੰ ਵੀ ਚੰਗੀ 4ਜੀ ਕੁਨੈਕਟੀਵਿਟੀ ਮਿਲੇ, ਇਸ ਲਈ ਭਾਰਤ ਸਰਕਾਰ 700 ਤੋਂ ਵੱਧ ਮੋਬਾਇਲ ਟਾਵਰ ਲਗਵਾ ਰਹੀ ਹੈ। ਇਨ੍ਹਾਂ 'ਚੋਂ ਕਰੀਬ 300 ਟਾਵਰਾਂ ਦਾ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਾਂ। 9 ਸਾਲ ਪਹਿਲਾਂ ਛੱਤੀਸਗੜ੍ਹ ਦੇ 20 ਫੀਸਦੀ ਤੋਂ ਵੱਧ ਪਿੰਡਾਂ 'ਚ ਕਿਸੇ ਤਰ੍ਹਾਂਦੀ ਮੋਬਾਇਲ ਕੁਨੈਕਟੀਵਿਟੀ ਨਹੀਂ ਸੀ,ਅੱਜ ਇਹ ਘੱਟ ਕੇ ਕਰੀਬ 6 ਫੀਸਦੀ ਰਹਿ ਗਈ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਜਨਜਾਤੀ ਅਤੇ ਨਕਸਲ ਹਿੰਸਾ ਨਾਲ ਪ੍ਰਭਾਵਿਤ ਪਿੰਡ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਇੰਫਰਾਸਟ੍ਰੱਕਚਰ ਦਾ ਇਕ ਹੋਰ ਬਹੁਤ ਵੱਡਾ ਲਾਭ ਹੈ, ਜਿਸ 'ਤੇ ਓਨੀ ਚਰਚਾ ਨਹੀਂ ਹੁੰਦੀ। ਆਧੁਨਿਕ ਇੰਫਰਾਸਟ੍ਰੱਕਚਰ ਦਾ ਸੰਬੰਧ ਸਮਾਜਿਕ ਨਿਆਂ ਨਾਲ ਵੀ ਹੈ, ਜੋ ਸਦੀਆਂ ਤਕ ਅਨਿਆਂਅਤੇ ਅਸੁਵਿਧਾ ਝੱਲਦੇ ਰਹੇ ਉਨ੍ਹਾਂ ਤਕ ਭਾਰਤ ਸਰਕਾਰ ਅੱਜ ਤੋਂ ਆਧੁਨਿਕ ਸੁਵਿਧਾਵਾਂ ਪਹੁੰਚਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਇਨ੍ਹਾਂ ਪ੍ਰੋਜੈਕਟਾਂ ਨਾਲ ਇੱਥੇ ਰੁਜ਼ਗਾਰ ਦੇ ਕਈ ਨਵੇਂ ਮੌਕੇ ਵੀ ਪੈਦਾ ਹੋਣਗੇ। ਝੋਨਾ ਉਤਪਾਦਕ, ਇੱਥੋਂ ਦੇ ਖਣਿਜ ਸੰਪੱਤੀ ਅਤੇ ਸੈਰ-ਸਪਾਟੇ ਨਾਲ ਜੁੜੇ ਉੱਦਮੀਆਂ ਨੂੰ ਵੀ ਇਨ੍ਹਾਂ ਪ੍ਰਾਜੈਕਟਾਂ ਦਾ ਕਾਫੀ ਲਾਭ ਮਿਲੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਨਾਲ ਕਬਾਇਲੀ ਖੇਤਰਾਂ ਵਿੱਚ ਸੁਵਿਧਾ ਅਤੇ ਵਿਕਾਸ ਦੀ ਇੱਕ ਨਵੀਂ ਯਾਤਰਾ ਸ਼ੁਰੂ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8