PM ਮੋਦੀ ਨੇ ‘ਪ੍ਰਧਾਨ ਮੰਤਰੀ ਅਜਾਇਬ ਘਰ’ ਦਾ ਕੀਤਾ ਉਦਘਾਟਨ, ਵੇਖੋ ਖੂਬਸੂਰਤ ਤਸਵੀਰਾਂ
Thursday, Apr 14, 2022 - 12:58 PM (IST)
ਨਵੀਂ ਦਿੱਲੀ (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮਰਾਵ ਅੰਬੇਡਕਰ ਦੀ ਜਯੰਤੀ ਮੌਕੇ ਇੱਥੇ ਸਥਿਤ ਤਿੰਨ ਮੂਰਤੀ ਭਵਨ ਕੰਪਲੈਕਸ ’ਚ ਨਵੇਂ ਬਣੇ ‘ਪ੍ਰਧਾਨ ਮੰਤਰੀ ਅਜਾਇਬ ਘਰ’ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਅਜਾਇਬ ਘਰ ’ਚ ਪਹਿਲੀ ਟਿਕਟ ਵੀ ਖਰੀਦੀ।
ਇਹ ਅਜਾਇਬ ਘਰ ਦੇਸ਼ ਦੇ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਹੈ। ਇਸ ਅਜਾਇਬ ਘਰ ਦਾ ਉਦਘਾਟਨ ਆਜ਼ਾਦੀ ਦੇ 75 ਸਾਲ ਦੇ ਮੌਕੇ ਦੇਸ਼ ਭਰ ’ਚ ਮਨਾਏ ਜਾ ਰਹੇ ‘ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ’ ਦੌਰਾਨ ਕੀਤਾ ਗਿਆ ਹੈ। ਇਹ ਅਜਾਇਬ ਘਰ ਆਜ਼ਾਦੀ ਮਗਰੋਂ ਦੇਸ਼ ਦੇ ਪ੍ਰਧਾਨ ਮੰਤਰੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਯੋਗਦਾਨ ਦੇ ਮਾਧਿਅਮ ਤੋਂ ਲਿਖੀ ਗਈ ਭਾਰਤ ਦੀ ਗਾਥਾ ਦਾ ਵਰਣਨ ਕਰਦਾ ਹੈ।
ਪ੍ਰਧਾਨ ਮੰਤਰੀ ਅਜਾਇਬ ਘਰ ਦਿੱਲੀ ਦੇ ਤਿੰਨ ਮੂਰਤੀ ਕੰਪਲੈਕਸ ’ਚ ਬਣਿਆ ਹੈ ਅਤੇ ਇਸ ’ਚ ਦੇਸ਼ ਦੇ 14 ਸਾਬਕਾ ਪ੍ਰਧਾਨ ਮੰਤਰੀਆਂ ਦੇ ਜੀਵਨ ਦੀ ਝਲਕ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ’ਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਇਆ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਮੁਤਾਬਕ ਮੋਦੀ ਦੀ ਕਲਪਨਾ ਨਾਲ ਮਾਰਗਦਰਸ਼ਨ ਇਹ ਅਜਾਇਬ ਘਰ ਦੇਸ਼ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਯੋਗਦਾਨ ਪ੍ਰਤੀ ਸਨਮਾਨ ਅਤੇ ਸ਼ਰਧਾਂਜਲੀ ਹੈ। ਇਸ ਸਾਂਝੀ ਕੋਸ਼ਿਸ਼ ਦਾ ਉਦੇਸ਼ ਨਵੀਂ ਪੀੜ੍ਹੀ ਨੂੰ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀ ਲੀਡਰਸ਼ਿਪ, ਦੂਰਦ੍ਰਿਸ਼ਟੀ ਅਤੇ ਉਪਲੱਬਧੀਆਂ ਤੋਂ ਉਤਸ਼ਾਹਤ ਕਰਨਾ ਹੈ। ਇਸ ਅਜਾਇਬ ਘਰ ’ਚ ਕੁੱਲ 43 ਗੈਲਰੀਆਂ ਹਨ।
ਨਵੇਂ ਅਤੇ ਪ੍ਰਾਚੀਨ ਦੇ ਮਿਲੇ-ਜੁਲੇ ਰੂਪ ਦਾ ਪ੍ਰਤੀਕ ਇਹ ਅਜਾਇਬ ਘਰ ਸਾਬਕਾ ਤਿੰਨ ਮੂਰਤੀ ਭਵਨ ਦੇ ਖੰਡ ਇਕ ਨੂੰ ਨਵੇਂ ਬਣੇ ਭਵਨ ਦੇ ਖੰਡ ਦੋ ਨਾਲ ਜੋੜਦਾ ਹੈ। ਦੋਹਾਂ ਦਾ ਕੁੱਲ ਖੇਤਰਫਲ 15,600 ਵਰਗ ਮੀਟਰ ਤੋਂ ਵਧੇਰੇ ਹੈ।
ਇਹ ਅਜਾਇਬ ਘਰ ਸੁਤੰਤਰਤਾ ਸੰਗ੍ਰਾਮ ਦੇ ਪ੍ਰਦਰਸ਼ਨ ਤੋਂ ਸ਼ੁਰੂ ਹੋ ਕੇ ਸੰਵਿਧਾਨ ਨਿਰਮਾਣ ਤੱਕ ਦੀ ਗਾਥਾ ਦੱਸਦਾ ਹੈ ਕਿ ਕਿਵੇਂ ਸਾਡੇ ਪ੍ਰਧਾਨ ਮੰਤਰੀਆਂ ਨੇ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ ਦੇਸ਼ ਨੂੰ ਨਵੀਂ ਰਾਹ ਦਿੱਤੀ ਅਤੇ ਦੇਸ਼ ਦੀ ਸਰਬਪੱਖੀ ਤਰੱਕੀ ਨੂੰ ਯਕੀਨੀ ਬਣਾਇਆ।