PM ਮੋਦੀ ਨੇ ਸਪੇਨ ਦੇ ਪ੍ਰਧਾਨ ਮੰਤਰੀ ਨਾਲ ਫੋਨ 'ਤੇ ਕੀਤੀ ਗੱਲਬਾਤ, ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ
Thursday, Feb 16, 2023 - 12:41 AM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸਪੇਨ ਦੇ ਆਪਣੇ ਹਮਰੁਤਬਾ ਪੇਡਰੋ ਸਾਂਚੇਜ਼ ਨਾਲ ਗੱਲ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਭਾਰਤ-ਸਪੇਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਆਗੂਆਂ ਨੇ ਆਪਸੀ ਹਿੱਤਾਂ ਦੇ ਕਈ ਦੁਵੱਲੇ ਅਤੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕੀਤੀ।
ਇਹ ਵੀ ਪੜ੍ਹੋ : US President 2024: ਭਾਰਤੀ ਮੂਲ ਦੀ ਨਿੱਕੀ ਹੇਲੀ ਵੀ ਲੜੇਗੀ ਚੋਣ, ਉਮੀਦਵਾਰੀ ਦਾ ਕੀਤਾ ਐਲਾਨ
ਪੀਐੱਮਓ ਨੇ ਕਿਹਾ, "ਉਨ੍ਹਾਂ ਨੇ ਚੱਲ ਰਹੀਆਂ ਦੁਵੱਲੇ ਪਹਿਲਕਦਮੀਆਂ ਦੀ ਸਮੀਖਿਆ ਕੀਤੀ ਅਤੇ ਹਾਲ ਹੀ 'ਚ ਉੱਚ ਪੱਧਰੀ ਆਦਾਨ-ਪ੍ਰਦਾਨ ਅਤੇ ਰੱਖਿਆ, ਆਰਥਿਕ ਅਤੇ ਵਪਾਰਕ ਖੇਤਰਾਂ ਵਿੱਚ ਵਧ ਰਹੇ ਸਹਿਯੋਗ 'ਤੇ ਸੰਤੁਸ਼ਟੀ ਪ੍ਰਗਟਾਈ।" ਦੋਵੇਂ ਨੇਤਾ ਡਿਜੀਟਲ ਬੁਨਿਆਦੀ ਢਾਂਚੇ, ਜਲਵਾਯੂ ਕਾਰਵਾਈ, ਸਵੱਛ ਊਰਜਾ ਤਬਦੀਲੀ ਅਤੇ ਟਿਕਾਊ ਵਿਕਾਸ ਵਰਗੇ ਮੁੱਦਿਆਂ 'ਤੇ ਸਹਿਯੋਗ ਕਰਨ ਲਈ ਵੀ ਸਹਿਮਤ ਹੋਏ।
ਇਹ ਵੀ ਪੜ੍ਹੋ : ਚੀਨ ਨੇ ਗੁਬਾਰਾ ਨਸ਼ਟ ਕੀਤੇ ਜਾਣ ਦੇ ਮਾਮਲੇ 'ਚ ਅਮਰੀਕੀ ਸੰਸਥਾਵਾਂ ਨੂੰ ਦਿੱਤੀ ਇਹ ਚਿਤਾਵਨੀ
ਪੀਐੱਮਓ ਦੇ ਅਨੁਸਾਰ, ਮੋਦੀ ਨੇ ਆਪਣੇ ਸਪੈਨਿਸ਼ ਹਮਰੁਤਬਾ ਨੂੰ ਜੀ-20 ਪ੍ਰਧਾਨਗੀ ਲਈ ਭਾਰਤ ਦੀਆਂ ਤਰਜੀਹਾਂ ਬਾਰੇ ਜਾਣੂ ਕਰਵਾਇਆ, ਜੋ ਵਸੁਧੈਵ ਕੁਟੁੰਬਕਮ (ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ) ਦੇ ਥੀਮ ਦੇ ਆਧਾਰ 'ਤੇ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰੇਗਾ। ਇਸ ਦੇ ਨਾਲ ਹੀ ਸਾਂਚੇਜ਼ ਨੇ ਜੀ-20 ਦੀ ਪ੍ਰਧਾਨਗੀ ਹੇਠ ਭਾਰਤ ਦੀਆਂ ਪਹਿਲਕਦਮੀਆਂ ਨੂੰ ਪੂਰਾ ਸਮਰਥਨ ਦਿੱਤਾ। ਦੋਵਾਂ ਆਗੂਆਂ ਨੇ ਭਵਿੱਖ ਵਿੱਚ ਵੀ ਸੰਪਰਕ 'ਚ ਰਹਿਣ ਲਈ ਸਹਿਮਤੀ ਪ੍ਰਗਟਾਈ। ਇਸ ਤੋਂ ਪਹਿਲਾਂ ਸਾਂਚੇਜ਼ ਨੇ ਇਕ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਨੇ ਜੀ-20 ਦੀ ਭਾਰਤ ਦੀ ਪ੍ਰਧਾਨਗੀ ਲਈ ਸਪੇਨ ਦੇ ਸਮਰਥਨ ਨੂੰ ਦੁਹਰਾਇਆ।
ਇਹ ਵੀ ਪੜ੍ਹੋ : ਤੁਰਕੀ-ਸੀਰੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 6.1 ਰਹੀ ਤੀਬਰਤਾ
ਉਨ੍ਹਾਂ ਦੇ ਟਵੀਟ ਦਾ ਜਵਾਬ ਦਿੰਦਿਆਂ ਮੋਦੀ ਨੇ ਟਵੀਟ ਕੀਤਾ, ''ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨਾਲ ਗੱਲ ਕਰਕੇ ਖੁਸ਼ੀ ਹੋਈ। ਅਸੀਂ ਆਪਣੇ ਵਧ ਰਹੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਮੈਂ ਭਾਰਤ ਦੀ ਪ੍ਰਧਾਨਗੀ ਵਿੱਚ ਹੋ ਰਹੀ ਜੀ-20 ਬੈਠਕ 'ਚ ਸਾਡੇ ਨਜ਼ਦੀਕੀ ਸਹਿਯੋਗ ਨੂੰ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ।” ਸਾਂਚੇਜ਼ ਨੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਸਾਰਥਿਕ ਗੱਲਬਾਤ ਹੋਈ। ਉਨ੍ਹਾਂ ਕਿਹਾ, “ਮੈਂ ਭਾਰਤ ਦੀ ਜੀ-20 ਦੀ ਪ੍ਰਧਾਨਗੀ ਲਈ ਸਪੇਨ ਦੇ ਸਮਰਥਨ ਨੂੰ ਦੁਹਰਾਇਆ ਤੇ ਅਸੀਂ ਆਪਣੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਜਾਰੀ ਰੱਖਣ ਲਈ ਸਹਿਮਤ ਹੋਏ, ਖਾਸ ਕਰਕੇ ਆਰਥਿਕਤਾ ਅਤੇ ਵਪਾਰ ਦੇ ਖੇਤਰਾਂ ਵਿੱਚ।”
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।