ਚੰਦਰਯਾਨ-3 ਮਿਸ਼ਨ ਦਾ ਇਕ ਸਾਲ ਪੂਰਾ, PM ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ
Friday, Aug 23, 2024 - 10:17 AM (IST)
ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪਹਿਲੇ ਰਾਸ਼ਟਰੀ ਪੁਲਾੜ ਦਿਵਸ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਖੇਤਰ ਨਾਲ ਜੁੜੇ ਕਈ ਭਵਿੱਖਮੁਖੀ ਫੈਸਲੇ ਲਏ ਹਨ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਹੋਰ ਫੈਸਲੇ ਲਏ ਜਾਣਗੇ। ਭਾਰਤ ਪਿਛਲੇ ਸਾਲ 23 ਅਗਸਤ ਨੂੰ ਚੰਨ 'ਤੇ ਉਤਰਨ ਵਾਲਾ ਦੁਨੀਆ ਦਾ ਚੌਥਾ ਅਤੇ ਦੱਖਣੀ ਧਰੁਵ ਖੇਤਰ 'ਤੇ ਉਤਰਨ ਵਾਲਾ ਪਹਿਲਾ ਦੇਸ਼ ਬਣਿਆ ਸੀ। ਇਸ ਇਤਿਹਾਸਕ ਪ੍ਰਾਪਤੀ ਦੀ ਯਾਦ ਵਿਚ ਪ੍ਰਧਾਨ ਮੰਤਰੀ ਮੋਦੀ ਨੇ 23 ਅਗਸਤ ਨੂੰ ਰਾਸ਼ਟਰੀ ਪੁਲਾੜ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਪੀ.ਐੱਮ. ਮੋਦੀ ਨੇ ਸ਼ੁੱਕਰਵਾਰ ਨੂੰ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਪਹਿਲੇ ਰਾਸ਼ਟਰੀ ਪੁਲਾੜ ਦਿਵਸ 'ਤੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਅਸੀਂ ਪੁਲਾੜ ਖੇਤਰ 'ਚ ਸਾਡੇ ਦੇਸ਼ ਦੀਆਂ ਪ੍ਰਾਪਤੀਆਂ ਨੂੰ ਬੜੇ ਮਾਣ ਨਾਲ ਯਾਦ ਕਰਦੇ ਹਾਂ। ਇਹ ਸਾਡੇ ਪੁਲਾੜ ਵਿਗਿਆਨੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਨ ਦਾ ਵੀ ਦਿਨ ਹੈ।" ਇਕ ਸਾਲ ਪਹਿਲੇ ਅੱਜ ਹੀ ਦਿਨ ਚੰਦਰਯਾਨ-3 ਦੀ ਚੰਨ ਦੀ ਸਤਿਹ 'ਤੇ ਸਫ਼ਲ ਲੈਂਡਿੰਗ ਹੋਈ ਸੀ।
ਉਨ੍ਹਾਂ ਕਿਹਾ,"ਸਾਡੀ ਸਰਕਾਰ ਨੇ ਇਸ ਸੈਕਟਰ ਨਾਲ ਸਬੰਧਤ ਬਹੁਤ ਸਾਰੇ ਅਗਾਂਹਵਧੂ ਫੈਸਲੇ ਲਏ ਹਨ ਅਤੇ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਫੈਸਲੇ ਲਵਾਂਗੇ।" ਦੇਸ਼ ਅੱਜ ਆਪਣਾ ਪਹਿਲਾ ਰਾਸ਼ਟਰੀ ਪੁਲਾੜ ਦਿਵਸ ਮਨਾ ਰਿਹਾ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੇ ਅਨੁਸਾਰ, ਇਸ ਦਾ ਮੁੱਖ ਵਿਸ਼ਾ 'ਚੰਨ ਨੂੰ ਛੂਹ ਕੇ ਜੀਵਨ ਨੂੰ ਛੂਹਣਾ - ਭਾਰਤ ਦੀ ਪੁਲਾੜ ਕਹਾਣੀ' ਹੈ। ਇਸਰੋ ਨੇ ਕਿਹਾ ਕਿ ਇਸ ਮੌਕੇ 'ਤੇ ਪੁਲਾੜ 'ਚ ਭਾਰਤ ਦੀਆਂ ਸ਼ਾਨਦਾਰ ਪ੍ਰਾਪਤੀਆਂ, ਸਮਾਜ ਨੂੰ ਹੋਣ ਵਾਲੇ ਡੂੰਘੇ ਲਾਭ ਅਤੇ ਜੀਵਨ ਦੇ ਹਰ ਵਰਗ ਦੇ ਲੋਕਾਂ ਲਈ ਭਾਰਤੀ ਪੁਲਾੜ ਪ੍ਰੋਗਰਾਮ ਨਾਲ ਜੁੜਨ ਦੇ ਅਸੀਮਿਤ ਮੌਕਿਆਂ ਨੂੰ ਉਜਾਗਰ ਕਰਨ ਵਾਲੇ ਕਈ ਸਮਾਗਮ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਯੋਜਿਤ ਕੀਤੇ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8