PM ਮੋਦੀ ਨੇ ਕੀਤਾ ਫੈਕਟ ਚੈੱਕ, ਵਿਦੇਸ਼ ਯਾਤਰਾ ''ਤੇ ਟੈਕਸ ਦੀਆਂ ਖਬਰਾਂ ਨੂੰ ਦੱਸਿਆ ‘FAKE’

Friday, May 15, 2026 - 11:15 PM (IST)

PM ਮੋਦੀ ਨੇ ਕੀਤਾ ਫੈਕਟ ਚੈੱਕ, ਵਿਦੇਸ਼ ਯਾਤਰਾ ''ਤੇ ਟੈਕਸ ਦੀਆਂ ਖਬਰਾਂ ਨੂੰ ਦੱਸਿਆ ‘FAKE’

ਨਵੀਂ ਦਿੱਲੀ : ਵਿਦੇਸ਼ ਯਾਤਰਾ 'ਤੇ ਟੈਕਸ ਜਾਂ ਸਰਚਾਰਜ ਲਗਾਏ ਜਾਣ ਦੀਆਂ ਖ਼ਬਰਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰੇ ਤੋਂ ਨਕਾਰਦਿਆਂ ਗਲਤ ਦੱਸਿਆ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀਆਂ ਖ਼ਬਰਾਂ ਪੂਰੀ ਤਰ੍ਹਾਂ ਗਲਤ ਹਨ ਅਤੇ ਵਿਦੇਸ਼ ਯਾਤਰਾ 'ਤੇ ਕਿਸੇ ਵੀ ਤਰ੍ਹਾਂ ਦਾ ਨਵਾਂ ਟੈਕਸ ਲਗਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਦਰਅਸਲ, ਇੱਕ ਸਮਾਚਾਰ ਚੈਨਲ ਦੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਦਰਾਮਦ ਦੀ ਲਾਗਤ ਅਤੇ ਜੰਗ ਕਾਰਨ ਪੈਦਾ ਹੋਏ ਆਰਥਿਕ ਦਬਾਅ ਨੂੰ ਸੰਭਾਲਣ ਲਈ ਵਿਦੇਸ਼ ਯਾਤਰਾ 'ਤੇ ਵਾਧੂ ਆਰਥਿਕ ਬੋਝ ਪਾਉਣ ਬਾਰੇ ਵਿਚਾਰ ਕਰ ਰਹੀ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਇਹ ਟੈਕਸ ਇੱਕ ਸਾਲ ਲਈ ਲਗਾਇਆ ਜਾ ਸਕਦਾ ਹੈ। ਇਨ੍ਹਾਂ ਖ਼ਬਰਾਂ ਤੋਂ ਬਾਅਦ ਲੋਕਾਂ ਵਿੱਚ ਚਿੰਤਾ ਅਤੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਸਾਹਮਣੇ ਆ ਕੇ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਪੋਸਟ ਕਰਦਿਆਂ ਸਾਫ਼ ਕਿਹਾ ਕਿ ਵਿਦੇਸ਼ ਯਾਤਰਾ 'ਤੇ ਨਵਾਂ ਟੈਕਸ ਲਗਾਉਣ ਦੀ ਖ਼ਬਰ ਪੂਰੀ ਤਰ੍ਹਾਂ ਗਲਤ ਹੈ। ਪੀਐਮ ਮੋਦੀ ਨੇ ਲਿਖਿਆ, "ਇਹ ਪੂਰੀ ਤਰ੍ਹਾਂ ਗਲਤ ਹੈ। ਇਸ ਵਿੱਚ ਰੱਤੀ ਭਰ (ਇੱਕ ਵੀ ਅੰਸ਼) ਵੀ ਸੱਚਾਈ ਨਹੀਂ ਹੈ। ਵਿਦੇਸ਼ ਯਾਤਰਾ 'ਤੇ ਅਜਿਹੀ ਕਿਸੇ ਵੀ ਪਾਬੰਦੀ ਦਾ ਸਵਾਲ ਹੀ ਨਹੀਂ ਉੱਠਦਾ"। 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਾਗਰਿਕਾਂ ਲਈ 'ਈਜ਼ ਆਫ ਡੂਇੰਗ ਬਿਜ਼ਨਸ' ਅਤੇ 'ਈਜ਼ ਆਫ ਲਿਵਿੰਗ' (ਜੀਵਨ ਜਿਊਣ ਦੀ ਸੌਖ) ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਬਾਜ਼ਾਰ ਅਤੇ ਆਮ ਲੋਕਾਂ, ਖਾਸ ਕਰਕੇ ਕਾਰੋਬਾਰੀਆਂ ਅਤੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਵਿਦੇਸ਼ ਯਾਤਰਾ ਸਿਰਫ ਸੈਰ-ਸਪਾਟੇ ਤੱਕ ਸੀਮਤ ਨਹੀਂ ਹੈ, ਸਗੋਂ ਇਸ ਦਾ ਸਬੰਧ ਸਿੱਖਿਆ, ਨਿਵੇਸ਼ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨਾਲ ਵੀ ਜੁੜਿਆ ਹੋਇਆ ਹੈ।


author

Inder Prajapati

Content Editor

Related News