PM ਮੋਦੀ ਨੇ 51 ਹਜ਼ਾਰ ਨਵੇਂ ਨਿਯੁਕਤ ਕਰਮੀਆਂ ਨੂੰ ਸੌਂਪੇ ਨਿਯੁਕਤੀ ਪੱਤਰ

Monday, Aug 28, 2023 - 12:09 PM (IST)

PM ਮੋਦੀ ਨੇ 51 ਹਜ਼ਾਰ ਨਵੇਂ ਨਿਯੁਕਤ ਕਰਮੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ 'ਰੁਜ਼ਗਾਰ ਮੇਲੇ' ਦੇ ਅਧੀਨ ਵੱਖ-ਵੱਖ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸਾਂ (ਸੀ.ਏ.ਪੀ.ਐੱਫ.) 'ਚ 51,000 ਤੋਂ ਵੱਧ ਨਵੇਂ ਨਿਯੁਕਤ ਕਰਮੀਆਂ ਨੂੰ ਨਿਯੁਕਤੀ ਪੱਤਰ ਪ੍ਰਦਾਨ ਕੀਤੇ। ਇਸ ਮੌਕੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇਨ੍ਹਾਂ ਨਵੇਂ ਨਿਯੁਕਤ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਵਾਰ ਰੁਜ਼ਗਾਰ ਮੇਲੇ ਦਾ ਇਹ ਆਯੋਜਨ ਇਕ ਅਜਿਹੇ ਮਾਹੌਲ 'ਚ ਹੋ ਰਿਹਾ ਹੈ, ਜਦੋਂ ਦੇਸ਼ ਮਾਣ ਅਤੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ,''ਸਾਡਾ ਚੰਦਰਯਾਨ ਅਤੇ ਉਸ ਦਾ ਰੋਵਰ ਪ੍ਰਗਿਆਨ ਲਗਾਤਾਰ ਚੰਨ ਤੋਂ ਇਤਿਹਾਸਕ ਤਸਵੀਰਾਂ ਭੇਜ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 9 ਸਾਲਾਂ 'ਚ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਤੋਂ ਪਰਿਵਰਤਨ ਦਾ ਇਕ ਹੋਰ ਨਵਾਂ ਦੌਰ ਦਿੱਸਣ ਲੱਗਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤ ਨੇ ਰਿਕਾਰਡ ਨਿਰਯਾਤ ਕੀਤਾ ਜੋ ਕਿ ਇਸ ਗੱਲ ਦਾ ਸੰਕੇਤ ਹੈ ਕਿ ਦੁਨੀਆ ਭਰ ਦੇ ਬਜ਼ਾਰਾਂ 'ਚ ਭਾਰਤੀ ਸਾਮਾਨ ਦੀ ਮੰਗ ਲਗਾਤਾਰ ਵੱਧ ਰਹੀ ਹੈ। 

ਇਹ ਵੀ ਪੜ੍ਹੋ : ਚੰਦਰਯਾਨ-3 ਦੇ ਪੇਲੋਡ ਵਲੋਂ ਚੰਨ ਦੀ ਸਤਿਹ 'ਤੇ ਮਾਪਿਆ ਗਿਆ ਤਾਪਮਾਨ, ਇਸਰੋ ਵਲੋਂ ਗ੍ਰਾਫ਼ ਜਾਰੀ

ਉਨ੍ਹਾਂ ਕਿਹਾ,''ਵੋਕਲ ਫੋਰ ਲੋਕਲ ਦੇ ਮੰਤਰ 'ਤੇ ਚੱਲਦੇ ਹੋਏ ਭਾਰਤ ਸਰਕਾਰ ਵੀ ਮੇਡ ਇਨ ਇੰਡੀਆ ਲੈਪਟਾਪ, ਕੰਪਿਊਟਰ ਵਰਗੇ ਉਤਪਾਦ ਖਰੀਦਣ 'ਤੇ ਜ਼ੋਰ ਦੇ ਰਹੀ ਹੈ। ਇਸ ਨਾਲ ਨਿਰਮਾਣ ਵੀ ਵਧਿਆ ਹੈ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਬਣ ਰਹੇ ਹਨ।'' ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਨੀਮ ਫ਼ੌਜੀ ਫ਼ੋਰਸਾਂ ਦੀ ਭਰਤੀ ਪ੍ਰਕਿਰਿਆ 'ਚ ਸਰਕਾਰ ਨੇ ਕਈ ਵੱਡੇ ਬਦਲਾਅ ਕੀਤੇ ਹਨ। ਪੀ.ਐੱਮ. ਮੋਦੀ ਨੇ ਇਸ ਮੌਕੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨੇ ਪਿੰਡ ਅਤੇ ਗਰੀਬ ਦੇ ਆਰਥਿਕ ਸਸ਼ਕਤੀਕਰਣ ਨਾਲ ਹੀ ਰੁਜ਼ਗਾਰ ਨਿਰਮਾਣ 'ਚ ਵੀ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਇਹ ਰੁਜ਼ਗਾਰ ਮੇਲਾ ਦੇਸ਼ ਭਰ 'ਚ 45 ਥਾਵਾਂ 'ਤੇ ਆਯੋਜਿਤ ਕੀਤਾ ਗਿਆ। ਰੁਜ਼ਗਾਰ ਮੇਲੇ ਰਾਹੀਂ ਕੇਂਦਰੀ ਗ੍ਰਹਿ ਮੰਤਰਾਲਾ ਨੇ ਵੱਖ-ਵੱਖ ਕੇਂਦਰੀ ਹਥਿਆਰਬੰਦ ਪੁਲਸ ਫ਼ੋਰਸ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਦਿੱਲੀ ਪੁਲਸ 'ਚ ਕਰਮੀਆਂ ਦੀ ਭਰਤੀ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਅਨੁਸਾਰ, ਇਹ ਰੁਜ਼ਗਾਰ ਮੇਲਾ ਪ੍ਰਧਾਨ ਮੰਤਰੀ ਦੀ ਰੁਜ਼ਗਾਰ ਦੀ ਰਚਨਾ ਨੂੰ ਵਚਨਬੱਧਤਾ ਨੂੰ ਪਹਿਲ ਦੇਣ ਦੀ ਦਿਸ਼ਾ 'ਚ ਇਕ ਕਦਮ ਹੈ। ਉਸ ਨੇ ਕਿਹਾ ਕਿ ਇਸ ਨਾਲ ਰੁਜ਼ਗਾਰ ਦੀ ਰਚਨਾ ਨੂੰ ਉਤਸ਼ਾਹ ਮਿਲਣ ਅਤੇ ਰਾਸ਼ਟਰ ਨਿਰਮਾਣ 'ਚ ਨੌਜਵਾਨਾਂ ਦੀ ਹਿੱਸੇਦਾਰੀ ਅਤੇ ਉਨ੍ਹਾਂ ਨੂੰ ਸਸ਼ਕਤੀਕਰਣ ਦਾ ਮੌਕਾ ਮਿਲਣ ਦੀ ਸੰਭਾਵਨਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News