ਅਧਿਆਪਕ ਦਿਵਸ ਮੌਕੇ PM ਮੋਦੀ, ਸਿੱਖਿਆ ਮੰਤਰੀ ਪ੍ਰਧਾਨ ਨੇ ਡਾ. ਰਾਧਾਕ੍ਰਿਸ਼ਨਨ ਨੂੰ ਕੀਤਾ ਨਮਨ

Thursday, Sep 05, 2024 - 10:10 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਸਿੱਖਿਆ ਮੰਤਰੀ ਪ੍ਰਧਾਨ ਨੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਯੰਤੀ ਮੌਕੇ ਵੀਰਵਾਰ ਨੂੰ ਉਨ੍ਹਾਂ ਨੂੰ ਨਮਨ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸ਼ੁੱਭਕਾਮਨਾਵਾਂ ਸੰਦੇਸ਼ 'ਚ ਲਿਖਿਆ ਕਿ ਅਧਿਆਪਕ ਦਿਵਸ 'ਤੇ ਦਿਲ ਤੋਂ ਸ਼ੁਭਕਾਮਨਾਵਾਂ। ਇਹ ਨੌਜਵਾਨ ਦੇ ਦਿਮਾਗ ਨੂੰ ਆਕਾਰ ਦੇਣ ਵਾਲੇ ਸਾਰੇ ਅਧਿਆਪਕਾਂ ਪ੍ਰਤੀ ਧੰਨਵਾਦ ਜ਼ਾਹਰ ਕਰਨ ਦਾ ਮੌਕਾ ਹੈ। ਡਾ. ਰਾਧਾਕ੍ਰਿਸ਼ਨਨ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ।

ਉੱਥੇ ਹੀ ਪ੍ਰਧਾਨ ਨੇ 'ਐਕਸ' 'ਤੇ ਲਿਖਿਆ ਕਿ ਦੇਸ਼ ਦੇ ਨੌਜਵਾਨਾਂ ਦਾ ਮਾਰਗ ਦਰਸ਼ਨ ਕਰ ਕੇ ਉਨ੍ਹਾਂ ਨੂੰ ਅਗਿਆਨਤਾ ਨੂੰ ਦੂਰ ਕਰਨ ਵਾਲੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਦਿਲੋ ਤੋਂ ਸ਼ੁੱਭਕਾਮਨਾਵਾਂ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ, ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ। ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਸਗੋਂ ਜੀਵਨ ਦੇ ਸਹੀ ਅਰਥਾਂ ਤੋਂ ਜਾਣੂ ਕਰਵਾ ਕੇ ਆਪਣੇ ਅਥਾਹ ਗਿਆਨ ਨਾਲ ਸਾਡੇ ਜੀਵਨ ਨੂੰ ਸਾਰਥਕ ਦਿਸ਼ਾ ਪ੍ਰਦਾਨ ਕਰਦੇ ਹਨ। 

ਆਓ ਅਧਿਆਪਕ ਦਿਵਸ ਮੌਕੇ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ ਅਸੀਂ ਸਾਰੇ ਉਨ੍ਹਾਂ ਵਲੋਂ ਦਰਸਾਏ ਸਹੀ ਮਾਰਗ 'ਤੇ ਚੱਲਣ ਦਾ ਸੰਕਲਪ ਲਈਏ। ਉਨ੍ਹਾਂ ਨੇ ਇਕ ਹੋਰ ਪੋਸਟ 'ਚ ਲਿਖਿਆ ਕਿ ਦੇਸ਼ ਦੇ ਸੁਨਹਿਰੀ ਭਵਿੱਖ ਦਾ ਨਿਰਮਾਣ ਕਰਨ ਵਾਲੇ ਅਧਿਆਪਕਾਂ ਦਾ ਸਨਮਾਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਅਧਿਆਪਕ ਦਿਵਸ ਮੌਕੇ ਮਜ਼ਬੂਤ ਸਮਾਜ ਅਤੇ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖਣ ਵਾਲੇ ਅਧਿਆਪਕਾਂ ਨੂੰ 'ਰਾਸ਼ਟਰੀ ਅਧਿਆਪਕ ਪੁਰਸਕਾਰ 2024' ਨਾਲ ਸਨਮਾਨਿਤ ਕਰਨਗੇ। ਰਾਸ਼ਟਰੀ ਅਧਿਆਪਕ ਪੁਰਸਕਾਰ ਅਧਿਆਪਕਾਂ ਦੇ ਤਿਆਗ, ਤਪ ਅਤੇ ਵਿਲੱਖਣ ਯੋਗਦਾਨ ਦਾ ਜਸ਼ਨ ਹੈ। 

ਜ਼ਿਕਰਯੋਗ ਹੈ ਕਿ ਡਾ. ਰਾਧਾਕ੍ਰਿਸ਼ਨਨ ਦਾ ਜਨਮ 5 ਸਤੰਬਰ 1888 ਨੂੰ ਤਤਕਾਲੀ ਮਦਰਾਸ ਪ੍ਰੈਜ਼ੀਡੈਂਸੀ ਦੇ ਚਿਤੂਰ ਜ਼ਿਲ੍ਹੇ ਦੇ ਤਿਰੁਤਨੀ ਪਿੰਡ 'ਚ ਇਕ ਤੇਲਗੂ ਭਾਸ਼ੀ ਬ੍ਰਾਹਮਣ ਪਰਿਵਾਰ 'ਚ ਹੋਇਆ ਸੀ। ਡਾ. ਰਾਧਾਕ੍ਰਿਸ਼ਨਨ 1962 ਵਿਚ ਉਪ ਰਾਸ਼ਟਰਪਤੀ ਅਤੇ ਫਿਰ ਦੇਸ਼ ਦੇ ਦੂਜੇ ਰਾਸ਼ਟਰਪਤੀ ਬਣੇ। 1962 'ਚ ਜਦੋਂ  ਡਾ. ਰਾਧਾਕ੍ਰਿਸ਼ਨਨ ਰਾਸ਼ਟਰਪਤੀ ਬਣੇ ਅਤੇ ਉਨ੍ਹਾਂ ਦਾ ਜਨਮ ਦਿਨ ਆਇਆ ਤਾਂ ਇਸ ਮੌਕੇ ਉਨ੍ਹਾਂ ਦੇ ਕੁਝ ਵਿਦਿਆਰਥੀ ਉਨ੍ਹਾਂ ਨੂੰ ਮਿਲਣ ਆਏ ਅਤੇ ਉਨ੍ਹਾਂ ਨੂੰ ਆਪਣਾ ਜਨਮ ਦਿਨ ਮਨਾਉਣ ਦੀ ਬੇਨਤੀ ਕੀਤੀ। ਇਸ 'ਤੇ ਡਾ. ਰਾਧਾਕ੍ਰਿਸ਼ਨਨ ਨੇ ਉਨ੍ਹਾਂ ਨੂੰ ਸੁਝਾਅ ਦਿੱਤਾ ਕਿ ਆਪਣਾ ਜਨਮ ਦਿਨ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕੀਤਾ ਜਾਵੇ ਅਤੇ ਇਸ ਤਰ੍ਹਾਂ ਡਾ. ਰਾਧਾਕ੍ਰਿਸ਼ਨਨ ਦੇ ਵਿਚਾਰ ਨਾਲ ਭਾਰਤ ਵਿਚ ਅਧਿਆਪਕ ਦਿਵਸ ਦੀ ਸ਼ੁਰੂਆਤ ਹੋਈ।


Tanu

Content Editor

Related News