ਪੀ. ਐੱਮ. ਮੋਦੀ ਨੇ ਮੰਤਰੀ ਮੰਡਲ ਦੀ ਬੈਠਕ ਦੀ ਕੀਤੀ ਪ੍ਰਧਾਨਗੀ, ਨਵੀਂ ਸਰਕਾਰ ਦੇ 100 ਦਿਨਾਂ ਦਾ ਏਜੰਡਾ ਕੀਤਾ ਤੈਅ

Monday, Mar 04, 2024 - 03:13 AM (IST)

ਪੀ. ਐੱਮ. ਮੋਦੀ ਨੇ ਮੰਤਰੀ ਮੰਡਲ ਦੀ ਬੈਠਕ ਦੀ ਕੀਤੀ ਪ੍ਰਧਾਨਗੀ, ਨਵੀਂ ਸਰਕਾਰ ਦੇ 100 ਦਿਨਾਂ ਦਾ ਏਜੰਡਾ ਕੀਤਾ ਤੈਅ

ਨਵੀਂ ਦਿੱਲੀ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ ’ਚ ‘ਵਿਕਸਿਤ ਭਾਰਤ : 2047’ ਲਈ ਵਿਜ਼ਨ ਪੇਪਰ ਤੇ ਅਗਲੇ 5 ਸਾਲਾਂ ਲਈ ਵਿਸਤ੍ਰਿਤ ਕਾਰਜ ਯੋਜਨਾ ’ਤੇ ਚਰਚਾ ਕੀਤੀ ਗਈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੀਟਿੰਗ ’ਚ ਮਈ ’ਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਚੁੱਕੇ ਜਾਣ ਵਾਲੇ ਕਦਮਾਂ ਲਈ 100 ਦਿਨਾਂ ਦੇ ਏਜੰਡੇ ਤੇ ਇਸ ਨੂੰ ਛੇਤੀ ਲਾਗੂ ਕਰਨ ’ਤੇ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕੈਬਨਿਟ ਸਾਥੀਆਂ ਨੂੰ ਚੋਣਾਂ ਦੌਰਾਨ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਵਿਕਾਸ ਨੂੰ ਉਤਸ਼ਾਹਿਤ ਕਰਨ ਤੇ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਵਲੋਂ ਚੁੱਕੇ ਗਏ ਕਈ ਕਦਮਾਂ ਬਾਰੇ ਵੀ ਗੱਲ ਕੀਤੀ।

ਇਹ ਖ਼ਬਰ ਵੀ ਪੜ੍ਹੋ : ਅੰਬਾਨੀਆਂ ਦੇ ਵਿਆਹ ’ਚ ਛਾ ਗਿਆ ਦੋਸਾਂਝਾ ਵਾਲਾ, ਲਾੜੇ ਨੇ ਖ਼ੁਦ ਕੀਤੀ ਦਿਲਜੀਤ ਨੂੰ ਖ਼ਾਸ ਫ਼ਰਮਾਇਸ਼, ਦੇਖੋ ਵੀਡੀਓ

‘ਵਿਕਸਿਤ ਭਾਰਤ’ ਲਈ ‘ਰੋਡਮੈਪ’
ਇਕ ਸੂਤਰ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ, ‘‘ਅਸੀਂ ਚੋਣਾਂ ਜਿੱਤਣ ਤੋਂ ਬਾਅਦ ਦੁਬਾਰਾ ਮਿਲਾਂਗੇ।’’ ਸੂਤਰਾਂ ਨੇ ਕਿਹਾ ਕਿ ‘ਵਿਕਸਿਤ ਭਾਰਤ’ ਲਈ ‘ਰੋਡਮੈਪ’ 2 ਸਾਲਾਂ ਤੋਂ ਵੱਧ ਸਮੇਂ ਦੀ ਵੱਡੀ ਤਿਆਰੀ ਦਾ ਨਤੀਜਾ ਹੈ। ਸੂਤਰਾਂ ਨੇ ਕਿਹਾ ਕਿ ਇਸ ’ਚ ਸਾਰੇ ਮੰਤਰਾਲਿਆਂ ਤੇ ਸੂਬਾ ਸਰਕਾਰਾਂ, ਸਿੱਖਿਆ ਸ਼ਾਸਤਰੀਆਂ, ਉਦਯੋਗ ਸੰਗਠਨਾਂ, ਸਿਵਲ ਸੋਸਾਇਟੀ ਸੰਗਠਨਾਂ, ਵਿਗਿਆਨਕ ਸੰਗਠਨਾਂ ਤੇ ਨੌਜਵਾਨਾਂ ਦੇ ਸੁਝਾਵਾਂ ਨਾਲ ਵਿਆਪਕ ਸਲਾਹ-ਮਸ਼ਵਰੇ ਨੂੰ ਸ਼ਾਮਲ ਕਰਨ ਵਾਲਾ ਸਰਕਾਰੀ ਨਜ਼ਰੀਆ ਸ਼ਾਮਲ ਹੈ।

20 ਲੱਖ ਤੋਂ ਵੱਧ ਨੌਜਵਾਨਾਂ ਤੋਂ ਲਏ ਸੁਝਾਅ
ਇਸ ਸਬੰਧ ’ਚ ਇਕ ਅਧਿਕਾਰੀ ਨੇ ਕਿਹਾ, ‘‘ਵੱਖ-ਵੱਖ ਪੱਧਰਾਂ ’ਤੇ 2,700 ਤੋਂ ਵੱਧ ਮੀਟਿੰਗਾਂ, ਵਰਕਸ਼ਾਪਾਂ ਤੇ ਸੈਮੀਨਾਰ ਆਯੋਜਿਤ ਕੀਤੇ ਗਏ ਸਨ। 20 ਲੱਖ ਤੋਂ ਵੱਧ ਨੌਜਵਾਨਾਂ ਤੋਂ ਸੁਝਾਅ ਲਏ ਗਏ।’’ ਸੂਤਰਾਂ ਨੇ ਕਿਹਾ ਕਿ ‘ਵਿਕਸਿਤ ਭਾਰਤ’ ਲਈ ‘ਰੋਡਮੈਪ’ ਇਕ ਵਿਆਪਕ ਬਲੂਪ੍ਰਿੰਟ ਹੈ, ਜਿਸ ’ਚ ਸਪੱਸ਼ਟ ਤੌਰ ’ਤੇ ਰਾਸ਼ਟਰੀ ਨਜ਼ਰੀਆ, ਇੱਛਾਵਾਂ, ਟੀਚਿਆਂ ਤੇ ਕਾਰਵਾਈਆਂ ਨੂੰ ਦਰਸਾਇਆ ਗਿਆ ਹੈ। ਮੀਟਿੰਗ ’ਚ ਕਈ ਮੰਤਰਾਲਿਆਂ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ।

400 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ
ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋਣ ਤੋਂ ਪਹਿਲਾਂ ਇਹ ਮੀਟਿੰਗ ਸ਼ਾਇਦ ਅਜਿਹੀ ਆਖਰੀ ਮੀਟਿੰਗ ਹੈ। ਪ੍ਰਧਾਨ ਮੰਤਰੀ ਮੋਦੀ ਕਈ ਵਾਰ ਭਰੋਸਾ ਪ੍ਰਗਟਾ ਚੁੱਕੇ ਹਨ ਕਿ ਉਨ੍ਹਾਂ ਦੀ ਅਗਵਾਈ ’ਚ ਲਗਾਤਾਰ ਤੀਜੀ ਵਾਰ ਸਰਕਾਰ ਬਣੇਗੀ। ਉਨ੍ਹਾਂ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਲਈ 370 ਸੀਟਾਂ ਤੇ ਭਾਜਪਾ ਦੀ ਅਗਵਾਈ ਵਾਲੀ ਸੱਤਾਧਾਰੀ ਰਾਸ਼ਟਰੀ ਜਮਹੂਰੀ ਗਠਜੋੜ (ਐੱਨ. ਡੀ. ਏ.) ਲਈ 400 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News