ਜੀ-20 ਦੇ ਖੇਤੀਬਾੜੀ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਬੋਲੇ PM ਮੋਦੀ, ਕਿਹਾ- ਕੁਦਰਤੀ ਖੇਤੀ ਨੂੰ ਅਪਣਾ ਰਹੇ ਕਿਸਾਨ

Saturday, Jun 17, 2023 - 06:09 PM (IST)

ਜੀ-20 ਦੇ ਖੇਤੀਬਾੜੀ ਮੰਤਰੀਆਂ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਬੋਲੇ PM ਮੋਦੀ, ਕਿਹਾ- ਕੁਦਰਤੀ ਖੇਤੀ ਨੂੰ ਅਪਣਾ ਰਹੇ ਕਿਸਾਨ

ਨਵੀਂ ਦਿੱਲੀ, (ਯੂ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮਾਂਤਰੀ ਖੁਰਾਕ ਸੁਰੱਖਿਆ ਹਾਸਲ ਕਰਨ ਲਈ ਸਮੂਹਿਕ ਕਾਰਵਾਈ ਦੇ ਤਰੀਕਿਆਂ ’ਤੇ ਸਲਾਹ-ਮਸ਼ਵਰੇ ਕਰਨ, ਹਾਸ਼ੀਏ ਵਾਲੇ ਕਿਸਾਨਾਂ ’ਤੇ ਕੇਂਦਰਿਤ ; ਟਿਕਾਊ ਅਤੇ ਸੰਮਲਿਤ ਭੋਜਨ ਪ੍ਰਣਾਲੀ ਤਿਆਰ ਕਰਨ ਅਤੇ ਕੌਮਾਂਤਰੀ ਖਾਦ ਸਪਲਾਈ ਲੜੀਆਂ ਨੂੰ ਮਜਬੂਤ ਕਰਨ ਦੇ ਤਰੀਕੇ ਲੱਭਣ ’ਤੇ ਜ਼ੋਰ ਦਿੱਤਾ ਹੈ। ਮੋਦੀ ਨੇ ਜੀ-20 ਦੇ ਖੇਤੀਬਾੜੀ ਮੰਤਰੀਆਂ ਦੀ ਬੈਠਕ ’ਚ ਅੱਜ ਆਪਣੇ ਸੰਬੋਧਨ ’ਚ ਨਾਲ ਹੀ ਕਿਹਾ ਕਿ ਬਿਹਤਰ ਮਿੱਟੀ ਸਿਹਤ, ਫਸਲੀ ਸਿਹਤ ਅਤੇ ਪੈਦਾਵਾਰ ਨਾਲ ਜੁਡ਼ੀਆਂ ਖੇਤੀਬਾੜੀ ਵਿਧੀਆਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ।

ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਰਵਾਇਤੀ ਤੌਰ-ਤਰੀਕੇ ਸਾਨੂੰ ਮੁੜ ਸਥਾਈ ਖੇਤੀਬਾੜੀ ਦੇ ਬਦਲ ਨੂੰ ਵਿਕਸਿਤ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ। ਸਾਨੂੰ ਆਪਣੇ ਕਿਸਾਨਾਂ ਨੂੰ ਇਨੋਵੇਸ਼ਨ ਅਤੇ ਡਿਜੀਟਲ ਤਕਨਾਲੌਜੀ ਦੇ ਨਾਲ ਮਜਬੂਤ ਬਣਾਉਣ ਦੀ ਜ਼ਰੂਰਤ ਹੈ। ਸਾਨੂੰ ਗਲੋਬਲ ਸਾਊਥ ’ਚ ਛੋਟੇ ਅਤੇ ਹਾਸ਼ੀਏ ਵਾਲੇ ਕਿਸਾਨਾਂ ਲਈ, ਹੱਲ ਨੂੰ ਰਿਆਇਤੀ ਬਣਾਉਣਾ ਚਾਹੀਦਾ ਹੈ। ਖੇਤੀਬਾੜੀ ਅਤੇ ਅਨਾਜ ਦੀ ਬਰਬਾਦੀ ਨੂੰ ਘੱਟ ਕਰਨ ਅਤੇ ਰਹਿੰਦ-ਖੂੰਹਦ ਨਾਲ ਜਾਇਦਾਦ ਨਿਰਮਾਣ ’ਚ ਨਿਵੇਸ਼ ਕਰਨ ਦੀ ਵੀ ਤੱਤਕਾਲ ਲੋੜ ਹੈ।

ਉਨ੍ਹਾਂ ਕਿਹਾ ਕਿ ਖੇਤੀਬਾੜੀ, ਮਨੁੱਖੀ ਸਭਿਅਤਾ ਦੇ ਕੇਂਦਰ ’ਚ ਹੈ। ਇਸ ਲਈ, ਖੇਤੀਬਾੜੀ ਮੰਤਰੀ ਦੇ ਰੂਪ ’ਚ, ਤੁਹਾਡਾ ਕੰਮ ਸਿਰਫ ਅਰਥਵਿਵਸਥਾ ਦੇ ਸਿਰਫ ਇਕ ਖੇਤਰ ਨੂੰ ਸੰਭਾਲਨਾ ਹੀ ਨਹੀਂ ਹੈ। ਮਨੁੱਖਤਾ ਦੇ ਭਵਿੱਖ ਲਈ ਤੁਹਾਡੇ ’ਤੇ ਵੱਡੀ ਜ਼ਿੰਮੇਵਾਰੀ ਹੈ। ਕੌਮਾਂਤਰੀ ਪੱਧਰ ’ਤੇ, ਖੇਤੀਬਾੜੀ 2.5 ਅਰਬ ਤੋਂ ਵੱਧ ਲੋਕਾਂ ਨੂੰ ਰੋਜ਼ੀ-ਰੋਟੀ ਪ੍ਰਦਾਨ ਕਰਦੀ ਹੈ।

ਮੋਦੀ ਨੇ ਕਿਹਾ ਕਿ ਪੂਰੇ ਭਾਰਤ ’ਚ ਕਿਸਾਨ ਹੁਣ ਕੁਦਰਤੀ ਖੇਤੀ ਨੂੰ ਅਪਣਾ ਰਹੇ ਹਨ। ਉਹ ਆਰਟੀਫੀਸ਼ਲ ਖਾਦਾਂ ਜਾਂ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਧਿਆਨ ; ਧਰਤੀ ਮਾਤਾ ਦਾ ਕਾਇਆ-ਕਲਪ ਕਰਨ, ਮਿੱਟੀ ਦੀ ਸਿਹਤ ਦੀ ਰੱਖਿਆ ਕਰਨ, ‘ਪ੍ਰਤੀ ਬੂੰਦ, ਵਧੇਰੇ ਫਸਲ’ ਪੈਦਾ ਕਰਨ ਅਤੇ ਬਾਇਓ ਖਾਦ ਅਤੇ ਕੀਟ ਪ੍ਰਬੰਧਨ ਹੱਲਾਂ ਨੂੰ ਉਤਸ਼ਹ ਦੇਣ ’ਤੇ ਹੈ। ਨਾਲ ਹੀ, ਕਿਸਾਨ ਉਤਪਾਦਕਤਾ ਵਧਾਉਣ ਲਈ ਤਕਨਾਲੌਜੀ ਦਾ ਸਰਗਰਮ ਰੂਪ ’ਚ ਵਰਤੋਂ ਕਰ ਰਹੇ ਹਨ।

ਦੁਨੀਆ ਨੂੰ ਚੰਗੀ ਸਿਹਤ ਅਤੇ ਕਲਿਆਣ ਦੀ ਦਿਸ਼ਾ ’ਚ ਇੱਕਜੁਟ ਕਰਦਾ ਹੈ ਯੋਗਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਯੋਗਾ ਦੁਨੀਆ ਨੂੰ ਚੰਗੀ ਸਿਹਤ ਅਤੇ ਕਲਿਆਣ ਦੀ ਦਿਸ਼ਾ ’ਚ ਇੱਕਜੁਟ ਕਰਦਾ ਹੈ। ਅੰਤਰਰਾਸ਼ਟਰੀ ਯੋਗ ਦਿਵਸ ’ਤੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ 21 ਜੂਨ ਨੂੰ ਆਯੋਜਿਤ ਯੋਗਾ ਸਮਾਰੋਹ ’ਚ ਹਿੱਸਾ ਲੈਣ ਜਾ ਰਹੇ ਮੋਦੀ ਨੇ ਸ਼ੁੱਕਰਵਾਰ ਨੂੰ ਇਸ ਸਬੰਧ ’ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ ਦੇ ਇਕ ਟਵੀਟ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ।

ਮੋਦੀ ਨੇ ਇਕ ਹੋਰ ਟਵੀਟ ’ਚ ਵੱਖ-ਵੱਖ ਯੋਗ ਆਸਣਾਂ ਨੂੰ ਦਰਸਾਉਣ ਵਾਲੀ ਵੀਡੀਓ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਯੋਗਾ ਤਾਕਤ, ਸਹਿਨਸ਼ੀਲਤਾ ਅਤੇ ਸ਼ਾਂਤੀ ਨੂੰ ਉਤਸ਼ਾਹ ਦੇਣ ਦੇ ਨਾਲ ਸਰੀਰ ਅਤੇ ਮਨ, ਦੋਵਾਂ ਲਈ ਬਹੁਤ ਲਾਭਦਾਇਕ ਹੈ। ਆਓ, ਅਸੀਂ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਅਤੇ ਅਰੋਗਤਾ ਦੇ ਨਾਲ-ਨਾਲ ਸ਼ਾਂਤੀ ਦੀ ਭਾਵਨਾ ਨੂੰ ਅੱਗੇ ਵਧਾਈਏ। ਵੱਖ-ਵੱਖ ਆਸਣਾਂ ਨੂੰ ਵਿਖਾਉਣ ਵਾਲੀਆਂ ਵੀਡੀਓਜ਼ ਦਾ ਇਕ ਸੈੱਟ ਸਾਂਝਾ ਕਰ ਰਿਹਾ ਹਾਂ।


author

Rakesh

Content Editor

Related News