ਮਹਾਰਾਸ਼ਟਰ ਨੇ ‘ਕੁਰਸੀ ਫਸਟ’ ਨੂੰ ਨਕਾਰਿਆ, ਕੋਈ ਵੀ ਤਾਕਤ ਧਾਰਾ 370 ਨੂੰ ਵਾਪਸ ਨਹੀਂ ਲਿਆ ਸਕਦੀ : PM ਮੋਦੀ
Saturday, Nov 23, 2024 - 11:03 PM (IST)
ਨਵੀਂ ਦਿੱਲੀ, (ਏਜੰਸੀਆਂ)- ਮਹਾਰਾਸ਼ਟਰ ’ਚ ਸ਼ਾਨਦਾਰ ਜਿੱਤ ਤੋਂ ਬਾਅਦ ਦਿੱਲੀ ’ਚ ਭਾਜਪਾ ਦੇ ਮੁੱਖ ਦਫਤਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਜੈ ਭਵਾਨੀ, ਜੈ ਸ਼ਿਵਾਜੀ’ ਦੇ ਨਾਅਰੇ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ।
ਪੀ.ਐੱਮ. ਨੇ ਕਿਹਾ ਕਿ ਮਹਾਰਾਸ਼ਟਰ ਦੇਸ਼ ਦਾ 6ਵਾਂ ਅਜਿਹਾ ਸੂਬਾ ਹੈ ਜਿਸ ਨੇ ਲਗਾਤਾਰ 3 ਵਾਰ ਭਾਜਪਾ ਨੂੰ ਫਤਵਾ ਦਿੱਤਾ ਹੈ। ਅਸੀਂ ਗੋਆ, ਗੁਜਰਾਤ, ਛੱਤੀਸਗੜ੍ਹ, ਹਰਿਆਣਾ ਤੇ ਮੱਧ ਪ੍ਰਦੇਸ਼ ’ਚ ਲਗਾਤਾਰ 3 ਵਾਰ ਜਿੱਤੇ ਹਾਂ। ਬਿਹਾਰ ’ਚ ਵੀ ਐੱਨ. ਡੀ. ਏ. ਨੂੰ ਲਗਾਤਾਰ 3 ਵਾਰ ਲੋਕਾਂ ਦਾ ਫਤਵਾ ਮਿਲਿਆ ਹੈ।
ਲੋਕਾਂ ਨੂੰ ਸਾਡੇ ਚੰਗੇ ਸ਼ਾਸਨ ਮਾਡਲ ’ਚ ਭਰੋਸਾ ਹੈ। ਅਸੀਂ ਇਸ ਭਰੋਸੇ ਨੂੰ ਬਣਾਈ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ।
ਉਨ੍ਹਾਂ ਕਿਹਾ ਕਿ ਅੱਜ ਮੈਂ ਮਹਾਰਾਸ਼ਟਰ ਦੇ ਲੋਕਾਂ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦੇਣਾ ਚਾਹੁੰਦਾ ਹਾਂ। ਲਗਾਤਾਰ ਤੀਜੀ ਵਾਰ ਸਥਿਰ ਸਰਕਾਰ ਚੁਣਨਾ ਉਨ੍ਹਾਂ ਦੇ ਸਵੈ-ਭਰੋਸੇ ਨੂੰ ਦਰਸਾਉਂਦਾ ਹੈ। ਇਕ ਤਰ੍ਹਾਂ ਨਾਲ ਮਹਾਰਾਸ਼ਟਰ ਇਸ ਦੇਸ਼ ਲਈ ਇਕ ਬਹੁਤ ਅਹਿਮ ਵਿਕਾਸ ਇੰਜਣ ਹੈ। ਇਸ ਲਈ ਇੱਥੋਂ ਦੇ ਲੋਕਾਂ ਵੱਲੋਂ ਦਿੱਤਾ ਗਿਆ ਫਤਵਾ ਵਿਕਸਤ ਭਾਰਤ ਲਈ ਵੱਡੀ ਨੀਂਹ ਬਣੇਗਾ। ਮਹਾਰਾਸ਼ਟਰ ਨੇ ‘ ਕੁਰਸੀ ਫਸਟ’ ਨੂੰ ਨਕਾਰ ਦਿੱਤਾ ਹੈ। ਹਰਿਆਣਾ ਤੋਂ ਬਾਅਦ ਮਹਾਰਾਸ਼ਟਰ ਚੋਣਾਂ ਦਾ ਫ਼ਤਵਾ ਏਕਤਾ ਦਾ ਹੈ। ਏਕ ਹੈਂ ਤੋ ਸੇਫ ਹੈਂ।
ਇਸ ਤੋਂ ਪਹਿਲਾਂ ਭਾਜਪਾ ਹੈੱਡਕੁਆਰਟਰ ਪਹੁੰਚਣ ’ਤੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਮੋਦੀ ਨੇ ਕਿਹਾ ਕਿ ਸਿਰਫ 10 ਸਾਲਾਂ ’ਚ ਅਸੀਂ ਭਾਰਤ ਨੂੰ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਦਿੱਤਾ ਹੈ। ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਏਗਾ। ਅਸੀਂ ਮਿਲ ਕੇ ਅੱਗੇ ਵਧਾਂਗੇ। ਜੇ ਅਸੀਂ ਇਕਜੁੱਟ ਹੋ ਕੇ ਅੱਗੇ ਵਧਾਂਗੇ ਤਾਂ ਹਰ ਟੀਚਾ ਹਾਸਲ ਕਰ ਲਵਾਂਗੇ।
ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਵਰਕਰ ਦੇਸ਼ ਦੇ ਵਿਕਾਸ ’ਚ ਲੱਗਾ ਹੋਇਆ ਹੈ। ਵਰਕਰਾਂ ਦਾ ਭਰੋਸਾ ਇਸ ਨੂੰ ਹੋਰ ਮਜ਼ਬੂਤ ਕਰਦਾ ਹੈ। ਸਾਡੇ ਵਰਕਰ ਵਿਕਾਸ ਦੇ ਸੰਕਲਪ ਲਈ ਵਚਨਬੱਧ ਹਨ। ਮਹਾਰਾਸ਼ਟਰ ਦੇ ਫਤਵੇ ਦਾ ਇਕ ਹੋਰ ਸੰਦੇਸ਼ ਹੈ। ਪੂਰੇ ਦੇਸ਼ ’ਚ ਸਿਰਫ਼ ਇਕ ਸੰਵਿਧਾਨ ਹੀ ਚੱਲੇਗਾ - ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ, ਭਾਰਤ ਦਾ ਸੰਵਿਧਾਨ।
ਉਨ੍ਹਾਂ ਕਿਹਾ ਕਿ 2 ਸੰਵਿਧਾਨਾਂ ਦੀਆਂ ਗੱਲਾਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਦੇਸ਼ ਪੂਰੀ ਤਰ੍ਹਾਂ ਨਕਾਰ ਦੇਵੇਗਾ। ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੇ ਜੰਮੂ-ਕਸ਼ਮੀਰ ’ਚ ਮੁੜ ਧਾਰਾ 370 ਦੀ ਕੰਧ ਖੜ੍ਹੀ ਕਰ ਕੇ ਸੰਵਿਧਾਨ ਦਾ ਅਪਮਾਨ ਕੀਤਾ ਹੈ। ਕੋਈ ਵੀ ਤਾਕਤ ਧਾਰਾ 370 ਨੂੰ ਵਾਪਸ ਨਹੀਂ ਲਿਆ ਸਕਦੀ।