PM ਮੋਦੀ ਨੇ ਵਾਇਨਾਡ 'ਚ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇ
Saturday, Aug 10, 2024 - 02:46 PM (IST)
ਵਾਇਨਾਡ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਸ਼ਨੀਵਾਰ ਨੂੰ ਹਵਾਈ ਸਰਵੇ ਕੀਤਾ। ਅਧਿਕਾਰੀਆਂ ਮੁਤਾਬਕ ਪ੍ਰਧਾਨ ਮੰਤਰੀ ਨੇ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਤੋਂ ਜ਼ਮੀਨ ਖਿਸਕਣ ਕਾਰਨ ਪ੍ਰਭਾਵਿਤ ਚੂਰਲਮਾਲਾ, ਮੁੰਡਕਈ ਅਤੇ ਪੁੰਚੀਰੀਮੱਟਮ ਪਿੰਡਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਕਰੀਬ 11.15 ਵਜੇ ਹੈਲੀਕਾਪਟਰ ਜ਼ਰੀਏ ਕੰਨੂਰ ਹਵਾਈ ਅੱਡੇ ਤੋਂ ਵਾਇਨਾਡ ਲਈ ਰਵਾਨਾ ਹੋਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਰਾਹਤ ਅਤੇ ਪੁਨਰਵਾਸ ਦੀਆਂ ਕੋਸ਼ਿਸ਼ਾਂ ਦੀ ਸਮੀਖਿਆ ਕੀਤੀ ਅਤੇ ਉਸ ਹਸਪਤਾਲ ਦਾ ਦੌਰਾ ਕੀਤਾ ਜਿੱਥੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- 'ਸਾਨੂੰ ਭਾਰਤ ਆਉਣ ਦਿਓ', BSF ਨੂੰ ਮਿੰਨਤਾਂ-ਤਰਲੇ ਪਾ ਰਹੇ ਹਜ਼ਾਰਾਂ ਬੰਗਲਾਦੇਸ਼ੀ
ਅਧਿਕਾਰੀਆਂ ਮੁਤਾਬਕ ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ, ਮੁੱਖ ਮੰਤਰੀ ਪਿਨਰਾਈ ਵਿਜਯਨ ਅਤੇ ਕੇਂਦਰੀ ਸੈਰ-ਸਪਾਟਾ ਤੇ ਪੈਟਰੋਲੀਅਮ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਵੀ ਪ੍ਰਧਾਨ ਮੰਤਰੀ ਨਾਲ ਵਾਇਨਾਡ ਪਹੁੰਚੇ। ਅਧਿਕਾਰੀਆਂ ਮੁਤਾਬਕ ਹਵਾਈ ਸਰਵੇ ਮਗਰੋਂ ਪ੍ਰਧਾਨ ਮੰਤਰੀ ਮੋਦੀ ਦਾ ਹੈਲੀਕਾਪਟਰ ਕਲਪੇਟਾ ਵਿਚ ਐੱਸ. ਕੇ. ਐੱਮ. ਜੇ. ਹਾਇਰ ਸੈਕੰਡਰੀ ਸਕੂਲ ਵਿਚ ਉਤਰੇਗਾ, ਜਿੱਥੋਂ ਉਹ ਸੜਕ ਮਾਰਗ ਤੋਂ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਹੋਣਗੇ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਕੇਰਲ ਸਰਕਾਰ ਨੇ ਆਫ਼ਤ ਪ੍ਰਭਾਵਿਤ ਖੇਤਰ ਵਿਚ ਮੁੜ ਵਸੇਬੇ ਅਤੇ ਰਾਹਤ ਕੰਮਾਂ ਲਈ 2000 ਕਰੋੜ ਰੁਪਏ ਦੀ ਮਦਦ ਮੰਗੀ ਹੈ। ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿਚ 30 ਜੁਲਾਈ ਨੂੰ ਵੱਡੇ ਪੱਧਰ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿਚ 226 ਲੋਕਾਂ ਦੀ ਮੌਤ ਹੋ ਗਈ ਸੀ। ਖੇਤਰ ਵਿਚ ਕਈ ਲੋਕ ਅਜੇ ਵੀ ਲਾਪਤਾ ਹਨ।