ਕਰਨਾਲ ’ਚ ਕਿਸਾਨਾਂ ’ਤੇ ਲਾਠੀਚਾਰਜ ਦਾ ਮਾਮਲਾ: PM ਮੋਦੀ, ਖੱਟੜ ਅਤੇ ਚੌਟਾਲਾ ਦੇ ਪੁਤਲੇ ਫੂਕੇ
Sunday, Aug 29, 2021 - 06:27 PM (IST)
ਸਿਰਸਾ— ਹਰਿਆਣਾ ਵਿਚ ਕਰਨਾਲ ਦੇ ਬਸਤਾੜਾ ਵਿਚ ਕੱਲ੍ਹ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੇ ਵਿਰੋਧ ’ਚ ਸਿਰਸਾ ਵਿਚ ਕਿਸਾਨਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਪੁਤਲੇ ਫੂਕੇ। ਬਾਲ ਭਵਨ ’ਤੇ ਇਕੱਠੇ ਹੋਏ ਕਿਸਾਨਾਂ ਨੇ ਚੌਟਾਲਾ ਦੀ ਰਿਹਾਇਸ਼ ਨੇੜੇ ਭੂਮਣਸ਼ਾਹ ਚੌਕ ਤੱਕ ਮਾਰਚ ਕੀਤਾ ਅਤੇ ਉੱਥੇ ਨੇਤਾਵਾਂ ਦੇ ਪੁਤਲੇ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ।
ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਿਸਾਨ ਏਕਤਾ ਦੇ ਪ੍ਰਦੇਸ਼ ਪ੍ਰਧਾਨ ਲਖਵਿੰਦਰ ਸਿੰਘ ਨੇ ਕੀਤਾ। ਸਿੰਘ ਨੇ ਦੋਸ਼ ਲਾਇਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ 9 ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ਨਾਲ ਮੌਜੂਦਾ ਸਰਕਾਰ ਡਰ ਗਈ ਅਤੇ 5 ਸਤੰਬਰ ਨੂੰ ਮੁੱਜ਼ਫਰਨਗਰ (ਯੂ. ਪੀ.) ’ਚ ਪ੍ਰਸਤਾਵਿਤ ਕਿਸਾਨ ਮਹਾਪੰਚਾਇਤ ਨੂੰ ਲੈ ਕੇ ਵੀ ਸਰਕਾਰ ਘਬਰਾਈ ਹੋਈ ਹੈ। ਉੱਥੇ ਹੀ ਦੂਜੇ ਪਾਸੇ ਕਰਨਾਲ ਦੇ ਸਬ ਡਵੀਜ਼ਨਲ ਅਧਿਕਾਰੀ ਅਤੇ ਡਿਊਟੀ ਮੈਜਿਸਟ੍ਰੇਟ ਆਯੁਸ਼ ਸਿਨਹਾ ਦੀ ਬਰਖ਼ਾਸਤਗੀ ਨੂੰ ਲੈ ਕੇ ਹਰਿਆਣਾ ਕਿਸਾਨ ਮੰਚ ਵਲੋਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੀ ਗੈਰ-ਹਾਜ਼ਰੀ ’ਚ ਤਹਿਸੀਲਦਾਰ ਗੁਰਦੇਵ ਸਿੰਘ ਦੇ ਜ਼ਰੀਏ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।