ਪ੍ਰਧਾਨ ਮੰਤਰੀ ਕਿਸਾਨ ਸਨਮਾਨ ਖਜ਼ਾਨਾ : 4 'ਚੋਂ 3 ਕਿਸਾਨ 2000 ਰੁਪਏ ਨਕਦੀ ਤੋਂ ਵੀ ਵਾਂਝੇ

10/15/2019 11:42:08 AM

ਨਵੀਂ ਦਿੱਲੀ — ਕਿਸਾਨਾਂ ਦਾ ਜ਼ਿੰਦਗੀ ਵਿਚ ਵੱਡਾ ਬਦਲਾਅ ਲਿਆਉਣ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਬੁਰੀ ਤਰ੍ਹਾਂ ਅਟਕ ਗਈ ਹੈ। ਸਰਕਾਰ ਦੇ ਰਿਕਾਰਡ ਮੁਤਾਬਕ ਹੁਣ ਤਕ ਇਸ ਯੋਜਨਾ ਲਈ 7.45 ਕਰੋੜ ਕਿਸਾਨਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਪਰ ਤੀਜੀ ਕਿਸ਼ਤ ਦੇਣ ਤੋਂ ਪਹਿਲਾਂ ਇਸ ਦੀ ਤਸਦੀਕ ਨਹੀਂ ਹੋ ਪਾ ਰਹੀ ਹੈ। ਅਜਿਹੀ ਹਾਲਤ ਵਿਚ ਸਿਰਫ 1.74 ਕਰੋੜ ਕਿਸਾਨਾਂ ਨੂੰ ਹੀ ਤਾਜ਼ਾ ਕਿਸ਼ਤ ਮਿਲ ਰਹੀ ਹੈ। ਕੁਲ 5.7 ਕਰੋੜ ਭਾਵ ਹਰ 4 ਵਿਚੋਂ 3 ਕਿਸਾਨ ਸਰਕਾਰੀ ਮਦਦ ਤੋਂ ਵਿਰਵੇ ਹਨ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਤਹਿਤ ਪਹਿਲੀ ਕਿਸ਼ਤ ਵਿਚ 6.78 ਕਰੋੜ ਕਿਸਾਨਾਂ ਦੇ ਖਾਤੇ ਵਿਚ 2-2 ਹਜ਼ਾਰ ਰੁਪਏ ਪੁੱਜੇ ਸਨ ਪਰ ਦੂਜੀ ਕਿਸ਼ਤ ਵਿਚ ਇਹ ਗਿਣਤੀ ਘਟ ਕੇ 5.19 ਕਰੋੜ ਰਹਿ ਗਈ। ਇਸ ਵਾਰ ਆਧਾਰ ਨੂੰ ਲਾਜ਼ਮੀ ਕਰ ਦਿੱਤੇ ਜਾਣ ਤੋਂ ਬਾਅਦ ਤਾਂ ਲਾਭ ਲੈਣ ਵਾਲੇ ਕਿਸਾਨ ਜਿਵੇਂ ਮੁਕੰਮਲ ਤੌਰ 'ਤੇ ਗਾਇਬ ਹੋ ਗਏ ਹਨ। ਤੀਜੀ ਕਿਸ਼ਤ ਤਕ ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ 5.7 ਕਰੋੜ ਤੋਂ ਵੀ ਘੱਟ ਗਈ ਹੈ।

ਵੱਡੀ ਗਿਣਤੀ 'ਚ ਵਧਣੇ ਸਨ ਫਾਇਦਾ ਲੈਣ ਵਾਲੇ ਕਿਸਾਨ

ਸ਼ੁਰੂਆਤ ਵਿਚ 2 ਹੈਕਟੇਅਰ ਤਕ ਦੀ ਜ਼ਮੀਨ ਵਾਲੇ ਕਿਸਾਨਾਂ ਨੂੰ ਹੀ ਇਸ ਯੋਜਨਾ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਮੁੜ ਮੋਦੀ ਸਰਕਾਰ ਬਣਨ ਤੋਂ ਬਾਅਦ ਸਾਰੇ ਕਿਸਾਨਾਂ ਨੂੰ ਯੋਜਨਾ ਵਿਚ ਸ਼ਾਮਲ ਕਰ ਲਿਆ ਗਿਆ। ਇਸ ਤਹਿਤ ਕਿਸਾਨਾਂ ਨੂੰ ਸਾਲ ਵਿਚ 3 ਕਿਸ਼ਤਾਂ ਵਿਚ 6 ਹਜ਼ਾਰ ਰੁਪਏ ਦੇਣ ਦੀ ਤਜਵੀਜ਼ ਸੀ।

ਕਿਉਂ ਹੋ ਰਹੀ ਹੈ ਇਹ ਗੜਬੜ

ਪਹਿਲੀਆਂ ਦੋ ਕਿਸ਼ਤਾਂ ਲੈਣ ਤੋਂ ਬਾਅਦ ਲਾਭ ਲੈਣ ਵਾਲੇ ਸਾਰੇ ਕਿਸਾਨਾਂ ਲਈ ਆਧਾਰ ਨੂੰ ਲਾਜ਼ਮੀ ਕਰ ਦਿੱਤਾ ਗਿਆ। ਆਧਾਰ ਨੂੰ ਜੋੜੇ ਜਾਣ ਦਾ ਅਮਲ ਵੀ ਕਾਫੀ ਮੁਸ਼ਕਲ ਬਣਾ ਦਿੱਤਾ ਗਿਆ। ਇਸ ਵਿਚ ਸਰਕਾਰੀ ਢਾਂਚਾ ਵੀ ਬਹੁਤ ਢਿੱਲ ਦਿਖਾ ਰਿਹਾ ਸੀ।

ਮੱਧ ਪ੍ਰਦੇਸ਼ 'ਚ ਹੁਣ ਤਕ ਸਿਰਫ 26 ਲਾਭ ਲੈਣ ਵਾਲੇ ਕਿਸਾਨ

ਮੱਧ ਪ੍ਰਦੇਸ਼ ਦੇ ਅੰਕੜੇ ਹੋਰ ਵੀ ਹੈਰਾਨ ਕਰਨ ਵਾਲੇ ਹਨ। ਇਥੇ ਕੁਲ 41.02 ਲੱਖ ਕਿਸਾਨ ਲਾਭ ਲੈਣ ਵਾਲੇ ਕਿਸਾਨਾਂ ਵਜੋਂ ਦਰਜ ਕੀਤੇ ਗਏ। ਇਨ੍ਹਾਂ ਵਿਚ 34.31 ਲੱਖ ਕਿਸਾਨਾਂ ਨੂੰ ਪਹਿਲੀ ਕਿਸ਼ਤ ਜਾਰੀ ਹੋਈ। ਦੂਜੀ ਕਿਸ਼ਤ ਵਿਚ ਇਹ ਗਿਣਤੀ ਘਟ ਕੇ 12.23 ਲੱਖ ਹੋ ਗਈ। ਤੀਜੀ ਕਿਸ਼ਤ ਹੁਣ ਤਕ ਸਿਰਫ 26 ਕਿਸਾਨਾਂ ਨੂੰ ਹੀ ਇਹ ਰਕਮ ਜਾਰੀ ਕੀਤੀ ਗਈ ਹੈ। ਭਾਵ ਸੂਬੇ ਦੀ ਸਰਕਾਰੀ ਸੂਚੀ ਵਿਚ ਹੁਣ 99.99 ਫੀਸਦੀ ਕਿਸਾਨ ਤਲਾਸ਼ੇ ਨਹੀਂ ਜਾ ਸਕੇ ਹਨ।

ਛੱਤੀਸਗੜ੍ਹ 'ਚ 98 ਫੀਸਦੀ ਕਿਸਾਨ ਵਿਰਵੇ

ਛੱਤੀਸਗੜ੍ਹ ਵਿਚ ਕੁਲ 14.86 ਲੱਖ ਕਿਸਾਨਾਂ ਨੂੰ ਲਾਭ ਲੈਣ ਵਾਲਿਆਂ ਵਿਚ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿਚ 13.77 ਲੱਖ ਕਿਸਾਨਾਂ ਨੂੰ ਪਹਿਲੀ ਕਿਸ਼ਤ ਜਾਰੀ ਕੀਤੀ ਗਈ। ਦੂਜੀ ਕਿਸ਼ਤ ਵਿਚ ਇਹ ਗਿਣਤੀ ਘਟ ਕੇ 4.19 ਲੱਖ ਰਹਿ ਗਈ। ਹੁਣ ਤੀਜੀ ਕਿਸ਼ਤ ਵਿਚ ਇਹ ਸਿਰਫ 25 ਹਜ਼ਾਰ ਹੀ ਰਹਿ ਗਈ ਹੈ। ਇਸ ਤਰ੍ਹਾਂ ਲਾਭ ਲੈਣ ਵਾਲਿਆਂ ਦੀ ਸੂਚੀ ਵਿਚੋਂ 98 ਫੀਸਦੀ ਕਿਸਾਨ ਹੁਣ ਤਕ ਤੀਜੀ ਕਿਸ਼ਤ ਤੋਂ ਵਿਰਵੇ ਹਨ।

30 ਨਵੰਬਰ ਤਕ ਵਧਾਈ ਗਈ ਸਮਾਂ ਹੱਦ

ਬੀਤੇ ਬੁੱਧਵਾਰ ਨੂੰ ਹੋਈ ਕੇਂਦਰੀ ਵਜ਼ਾਰਤ ਦੀ ਮੀਟਿੰਗ ਵਿਚ ਇਸ ਯੋਜਨਾ ਲਈ ਖਾਤੇ ਨੂੰ ਆਧਾਰ ਨਾਲ ਜੋੜਨ ਦੀ ਸਮਾਂ ਹੱਦ 1 ਅਗਸਤ ਤੋਂ ਵਧਾ ਕੇ 30 ਨਵੰਬਰ ਤਕ ਕਰਨ ਦਾ ਫੈਸਲਾ ਲਿਆ ਗਿਆ ਹੈ।

ਮੱਧ ਪ੍ਰਦੇਸ਼ 'ਚ ਸਿਰਫ 26 ਕਿਸਾਨਾਂ ਨੂੰ ਮਿਲੀ ਤੀਜੀ ਕਿਸ਼ਤ, ਰਿਕਾਰਡ 'ਚ 41 ਲੱਖ ਤੋਂ ਵੱਧ ਲਾਭ ਲੈਣ ਵਾਲੇ ਕਿਸਾਨ

7.45 ਕਰੋੜ ਲਾਭ ਲੈਣ ਵਾਲਿਆਂ ਦੀ ਹੋ ਚੁੱਕੀ ਹੈ ਪਛਾਣ

1.74 ਕਰੋੜ ਸਿਰਫ ਤੀਜੀ ਕਿਸ਼ਤ ਪਾਉਣ ਵਾਲੇ

5.70 ਕਰੋੜ ਨਹੀਂ ਲੱਭ ਰਹੇ ਲਾਭ ਲੈਣ ਵਾਲੇ

ਰਾਜਸਥਾਨ 'ਚ 77 ਫੀਸਦੀ ਲਾਭ ਲੈਣ ਵਾਲਿਆਂ ਨੂੰ ਲਾਭ ਨਹੀਂ ਮਿਲਿਆ

ਰਾਜਸਥਾਨ 'ਚ ਕੁਲ 51.81 ਲੱਖ ਲਾਭ ਲੈਣ ਵਾਲੇ ਇਸ ਯੋਜਨਾ ਤਹਿਤ ਦਰਜ ਹਨ। ਇਨ੍ਹਾਂ ਵਿਚੋਂ 39.95 ਲੱਖ ਨੂੰ ਪਹਿਲੀ ਕਿਸ਼ਤ ਮਿਲ ਚੁੱਕੀ ਹੈ। ਦੂਜੀ ਕਿਸ਼ਤ ਵਿਚ ਇਹ ਗਿਣਤੀ ਘਟ ਕੇ 34.6 ਲੱਖ ਹੋ ਗਈ। ਹੁਣ ਤੀਜੀ ਕਿਸ਼ਤ ਵਿਚ ਇਹ ਗਿਣਤੀ ਸਿਰਫ 11.75 ਲੱਖ ਹੀ ਰਹਿ ਗਈ ਹੈ। ਸੂਬੇ ਵਿਚ 40 ਲੱਖ ਅਜਿਹੇ ਕਿਸਾਨ ਹਨ ਜੋ ਇਸ ਫਾਇਦੇ ਤੋਂ ਵਾਂਝੇ ਹਨ ਜਿਨ੍ਹਾਂ ਨੂੰ ਇਸ ਯੋਜਨਾ ਨੇ ਪਹਿਲਾਂ ਹੀ ਲਾਭ ਲੈਣ ਵਾਲੇ ਮੰਨਿਆ ਹੈ।

ਵਜ਼ਾਰਤ : ਰਾਜਾਂ ਦੀ ਜ਼ਿੰਮੇਵਾਰੀ ਹੈ ਲਾਭ ਲੈਣ ਵਾਲਿਆਂ ਬਾਰੇ ਦੱਸਣਾ

ਖੇਤੀ ਵਜ਼ਾਰਤ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਲਾਭ ਲੈਣ ਵਾਲਿਆਂ ਦੇ ਅੰਕੜਿਆਂ ਦੀ ਤਸਦੀਕ ਕਰਨਾ ਸੂਬਿਆਂ ਦਾ ਕੰਮ ਹੈ। ਲਾਭ ਲੈਣ ਵਾਲੇ ਸਿਰਫ ਉਸੇ ਮਾਲੀ ਸਾਲ ਲਈ ਮੰਨਣਯੋਗ ਹੁੰਦੇ ਹਨ। ਅੰਕੜਿਆਂ ਦੀ ਤਸਦੀਕ ਜਾਰੀ ਹੈ। ਇਸ ਗੱਲ ਬਾਰੇ ਵਜ਼ਾਰਤ ਚੁੱਪ ਹੈ ਕਿ ਕੀ ਵਗੈਰ ਜਾਇਜ਼ ਤਸਦੀਕ ਦੇ ਹੀ ਪਹਿਲੀਆਂ ਦੋ ਕਿਸ਼ਤਾਂ ਜਾਰੀ ਕਰਨ ਵਿਚ ਕੋਈ ਜਲਦਬਾਜ਼ੀ ਕੀਤੀ ਗਈ ਸੀ।

ਮਾਹਿਰਾਂ ਦੀ ਰਾਏ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਰਗੀ ਯੋਜਨਾ ਦਾ ਅਸਲ ਲਾਭ ਲੈਣ ਵਾਲੇ ਕਿਸਾਨਾਂ ਦੀ ਗਿਣਤੀ 'ਚ ਇੰਨੀ ਕਮੀ ਹੋਣਾ ਅਸਲ ਵਿਚ ਹੈਰਾਨ ਕਰਨ ਵਾਲੀ ਗੱਲ ਹੈ। ਇਸ ਤੋਂ ਸਾਫ ਹੋ ਗਿਆ ਹੈ ਕਿ ਸਰਕਾਰ ਇਸ ਯੋਜਨਾ ਦੀ ਅਮਲ ਦਰਾਮਦ ਵਿਚ ਨਾਕਾਮ ਰਹੀ।

-ਦਵਿੰਦਰ ਸ਼ਰਮਾ, ਖੇਤੀ ਮਾਹਿਰ

ਕਿਸਾਨਾਂ ਦੀ ਖਸਤਾ ਹਾਲਤ ਨੂੰ ਦੇਖ ਕੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਫੌਰੀ ਲਾਭ ਦੇਣ ਲਈ ਹੀ ਇਹ ਯੋਜਨਾ ਸ਼ੁਰੂ ਕੀਤੀ ਸੀ ਪਰ ਅਜਿਹਾ ਜਾਪਦਾ ਹੈ ਕਿ ਅਫਸਰਸ਼ਾਹੀ ਇਸ ਦੀ ਗੰਭੀਰਤਾ ਨੂੰ ਸਮਝ ਨਹੀਂ ਰਹੀ। ਜ਼ਮੀਨ ਦਾ ਰਿਕਾਰਡ ਤਾਂ ਵੱਡੀ ਸਮੱਸਿਆ ਹੈ ਹੀ ਹੁਣ ਆਧਾਰ ਕਾਰਡ ਦੇ ਲਾਜ਼ਮੀ ਕੀਤੇ ਜਾਣ ਦੇ ਨਾਂ ਹੇਠ ਉਨ੍ਹਾਂ ਨੂੰ ਇਸ ਲਾਭ ਤੋਂ ਵਿਰਵੇ ਰੱਖਣਾ ਯੋਜਨਾ ਦੇ ਮਕਸਦ ਨੂੰ ਹੀ ਤਬਾਹ ਕਰ ਦੇਵੇਗੀ। ਸਰਕਾਰ ਨੇ ਅਗਲੇ ਸਾਲ ਮਾਰਚ ਤਕ ਲਈ ਯੋਜਨਾ ਦਾ ਬਜਟ 75000 ਕਰੋੜ ਰੁਪਏ ਤੋਂ ਵਧਾ ਕੇ 87000 ਕਰੋੜ ਰੁਪਏ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਲਈ ਇਸ ਦੀ ਅਹਿਮੀਅਤ ਕਿੰਨੀ ਹੈ, ਇਸੇ ਗੱਲ ਤੋਂ ਸਮਝੀ ਜਾ ਸਕਦੀ ਹੈ।


Related News