ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਮੌਕੇ ਦਿੱਲੀ ''ਚ ਲਾਏ ਜਾਣਗੇ ਪੌਦੇ

08/11/2019 3:34:59 PM

ਨਵੀਂ ਦਿੱਲੀ (ਵਾਰਤਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਮੌਕੇ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੌਦੇ ਲਾਉਣ ਦੀ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਦੌਰਾਨ ਲੋਕਾਂ ਨੂੰ ਕੁਦਰਤ ਨਾਲ ਜੋੜਨ, ਵਾਤਾਵਰਣ ਨੂੰ ਸੁਧਾਰਨ, ਪਾਣੀ ਅਤੇ ਹਵਾ ਦੀ ਗੁਣਵੱਤਾ ਵਿਚ ਸੁਧਾਰ ਲਈ ਜਾਗਰੂਕ ਕੀਤਾ ਜਾਵੇਗਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਮੁਹਿੰਮ ਤਹਿਤ ਦਿੱਲੀ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਅਤੇ ਸਿੱਖਿਆ ਸੰਸਥਾਵਾਂ ਦੇ ਕੰਪਲੈਕਸਾਂ ਵਿਚ ਚਾਲੂ ਮਾਨਸੂਨ ਮੌਸਮ ਦੌਰਾਨ ਨਿੰਮ, ਬੇਰ, ਜਾਮੁਨ ਆਦਿ ਦੇ ਇਕ ਲੱਖ ਪੌਦੇ ਲਾਏ ਜਾਣਗੇ। ਪਾਵਨ ਗੁਰਬਾਣੀ ਦੇ ਨਿਰਦੇਸ਼ ਮੁਤਾਬਕ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਨਾਲ ਲੜਨ ਤੇ ਵਾਤਾਵਰਣ ਨੂੰ ਸੁਧਾਰਨ ਲਈ ਚਲਾਈ ਜਾ ਰਹੀ ਮੁਹਿੰਮ 'ਚ ਦਿੱਲੀ ਯੂਨੀਵਰਸਿਟੀ ਅਤੇ ਇੰਦਰਪ੍ਰਸਥ ਯੂਨੀਵਰਸਿਟੀ ਦੇ 9 ਕਾਲਜਾਂ ਦੇ ਕੰਪਲੈਕਸਾਂ, ਚਾਲੂ ਸਿੱਖਿਅਕ ਸੈਸ਼ਨ ਵਿਚ ਦਾਖਲਾ ਲੈਣ ਵਾਲੇ ਸਾਰੇ ਨਵੇਂ ਵਿਦਿਆਰਥੀਆਂ ਦੇ ਆਵਾਸੀ ਕੰਪਲੈਕਸਾਂ 'ਚ ਪੌਦੇ ਲਾਏ ਜਾਣਗੇ। 

ਦਿੱਲੀ ਨਗਰ ਪਾਲਿਕਾ ਪਰੀਸ਼ਦ, ਦਿੱਲੀ ਨਗਰ ਨਿਗਮ, ਦਿੱਲੀ ਵਿਕਾਸ ਅਥਾਰਿਟੀ ਸਮੇਤ ਸਰਕਾਰੀ ਜ਼ਮੀਨਾਂ ਅਤੇ ਕਾਲਜ ਕੰਪਲੈਕਸਾਂ 'ਚ ਹਰ ਸਾਲ 10 ਪੌਦੇ ਲਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਪੌਦੇ ਲਾਉਣ ਨੂੰ ਕਾਲਜ ਦੇ ਪ੍ਰਾਜੈਕਟ ਰਿਪੋਰਟ ਦੇ ਤੌਰ 'ਤੇ ਮਾਨਤਾ ਦਿੱਤੀ ਗਈ ਹੈ, ਜਿਸ ਦੇ ਅਧੀਨ ਹਰੇਕ ਵਿਦਿਆਰਥੀ ਨੂੰ ਪੌਦੇ ਲਾਉਂਦਿਆਂ ਦੀ ਫੋਟੋ/ਵੀਡੀਓ ਕਾਲਜ ਦੇ ਪ੍ਰਿੰਸੀਪਲ ਨੂੰ ਜਮਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ। ਨਵੇਂ ਲਾਏ ਗਏ ਪੌਦਿਆਂ ਦੀ ਸਿਹਤ, ਵਿਕਾਸ ਆਦਿ ਦੇ ਆਧਾਰ 'ਤੇ ਹਰੇਕ ਵਿਦਿਆਰਥੀ ਨੂੰ ਨੰਬਰ ਦਿੱਤੇ ਜਾਣਗੇ, ਜੋ ਸਾਲਾਨਾ ਨਤੀਜਿਆਂ ਵਿਚ ਜੋੜੇ ਜਾਣਗੇ। ਸਿਰਸਾ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਕਮੇਟੀ ਅੰਬ, ਆਂਵਲਾ, ਗੁਲਮੋਹਰ, ਨਿੰਮ, ਬੇਰ ਆਦਿ ਦੇ 2 ਲੱਖ ਪੌਦੇ ਸ਼ਰਧਾਲੂਆਂ ਨੂੰ ਮੁਫ਼ਤ ਦੇਵੇਗੀ। ਕਮੇਟੀ ਪਿਛਲੇ 5 ਸਾਲਾਂ 'ਚ ਰਾਜਧਾਨੀ ਦਿੱਲੀ ਵਿਚ ਲੱਗਭਗ 2 ਲੱਖ ਪੌਦੇ ਮੁਫ਼ਤ ਵੰਡ ਚੁੱਕੀ ਹੈ।


Tanu

Content Editor

Related News