ਫੋਟੋਸ਼ੂਟ ਲਈ ਗੁਲਾਬੀ ਪੇਂਟ ਕਰਨ ਮਗਰੋਂ ਹਾਥੀ ਦੀ ਮੌਤ ! ਜੈਪੁਰ ''ਚ ਭਖ਼ ਗਿਆ ਵਿਵਾਦ
Thursday, Apr 02, 2026 - 11:42 AM (IST)
ਜੈਪੁਰ- ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਇਕ ਰੂਸੀ ਕਲਾਕਾਰ ਵੱਲੋਂ ਇਕ ਹਾਥੀ ਨੂੰ ਚਮਕਦਾਰ ਗੁਲਾਬੀ ਰੰਗ ਨਾਲ ਰੰਗਣ ਦੇ ਫੋਟੋਸ਼ੂਟ ਤੋਂ ਬਾਅਦ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਫੋਟੋਸ਼ੂਟ 'ਚ ਵਰਤੀ ਗਈ 65 ਸਾਲਾ ਹਾਥੀ 'ਚੰਚਲ' ਦੀ ਪਿਛਲੇ ਮਹੀਨੇ ਮੌਤ ਹੋ ਗਈ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਜਾਨਵਰਾਂ ਪ੍ਰਤੀ ਨੈਤਿਕਤਾ ਅਤੇ ਉਨ੍ਹਾਂ ਦੀ ਭਲਾਈ ਨੂੰ ਲੈ ਕੇ ਤਿੱਖੀ ਬਹਿਸ ਛਿੜ ਗਈ ਹੈ।
ਰੂਸੀ ਫੋਟੋਗ੍ਰਾਫਰ ਜੂਲੀਆ ਬੁਰੂਲੇਵਾ ਨੇ ਨਵੰਬਰ 2025 'ਚ ਜੈਪੁਰ ਦੇ ਹਾਥੀ ਪਿੰਡ (Hathi Gaon) 'ਚ ਇਹ ਫੋਟੋਸ਼ੂਟ ਕੀਤਾ ਸੀ। ਕਲਾਕਾਰ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਉਹ ਜੈਪੁਰ ਦੇ 'ਪਿੰਕ ਸਿਟੀ' ਰੰਗ ਅਤੇ ਸੱਭਿਆਚਾਰਕ ਚਿੰਨ੍ਹਾਂ ਤੋਂ ਪ੍ਰਭਾਵਿਤ ਸੀ ਅਤੇ ਹਾਥੀ ਨੂੰ ਰਾਜਸਥਾਨ ਦਾ ਮੁੱਖ ਪ੍ਰਤੀਕ ਮੰਨਦੇ ਹੋਏ ਇਸ ਨੂੰ ਆਪਣੇ ਪ੍ਰੋਜੈਕਟ 'ਚ ਸ਼ਾਮਲ ਕਰਨਾ ਚਾਹੁੰਦੀ ਸੀ। ਹਾਥੀ ਦੇ ਮਾਲਕ ਸਾਦਿਕ ਖਾਨ ਅਤੇ ਹਾਥੀ ਪਿੰਡ ਕਮੇਟੀ ਦੇ ਪ੍ਰਧਾਨ ਬੱਲੂ ਖਾਨ ਨੇ ਦੱਸਿਆ ਕਿ ਹਾਥੀ 'ਤੇ ਸਿਰਫ 10 ਮਿੰਟ ਲਈ ਆਰਗੈਨਿਕ 'ਗੁਲਾਲ' ਦੀ ਵਰਤੋਂ ਕੀਤੀ ਗਈ ਸੀ ਅਤੇ ਸ਼ੂਟ ਤੋਂ ਤੁਰੰਤ ਬਾਅਦ ਇਸ ਨੂੰ ਧੋ ਦਿੱਤਾ ਗਿਆ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪੰਜ ਪੀੜ੍ਹੀਆਂ ਤੋਂ ਹਾਥੀਆਂ ਦੀ ਦੇਖਭਾਲ ਕਰ ਰਹੇ ਹਨ ਅਤੇ ਜਾਨਵਰ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਥੀ ਚੰਚਲ ਦੀ ਮੌਤ ਫਰਵਰੀ 'ਚ ਹੋਈ ਸੀ। ਹਾਲਾਂਕਿ, ਅਧਿਕਾਰੀਆਂ ਅਤੇ ਸਥਾਨਕ ਹੈਂਡਲਰਾਂ ਦਾ ਕਹਿਣਾ ਹੈ ਕਿ ਮੌਤ ਦਾ ਫੋਟੋਸ਼ੂਟ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਅਨੁਸਾਰ ਹਾਥੀ ਦੀ ਉਮਰ ਕਾਫੀ ਹੋ ਚੁੱਕੀ ਸੀ ਅਤੇ ਉਸ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਮੰਨੀ ਜਾ ਰਹੀ ਹੈ।
ਵਾਈਲਡ ਲਾਈਫ ਵਿਭਾਗ ਦੇ ਡੀ.ਸੀ.ਐੱਫ. ਵਿਜੇ ਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਚ ਫਿਲਹਾਲ ਕੋਈ ਜਾਂਚ ਨਹੀਂ ਚੱਲ ਰਹੀ ਹੈ। ਦੂਜੇ ਪਾਸੇ, ਪਸ਼ੂ ਅਧਿਕਾਰ ਕਾਰਕੁਨਾਂ ਨੇ ਇਸ ਘਟਨਾ ਨੂੰ ਭਾਰਤ 'ਚ ਕੈਦ ਹਾਥੀਆਂ ਲਈ 'ਐਮਰਜੈਂਸੀ' ਦੀ ਸਥਿਤੀ ਦੱਸਿਆ ਹੈ। ਪੇਟਾ ਇੰਡੀਆ (PETA India) ਦੀ ਉਪ ਪ੍ਰਧਾਨ ਖੁਸ਼ਬੂ ਗੁਪਤਾ ਨੇ ਕਿਹਾ ਕਿ ਹਾਥੀਆਂ ਨੂੰ ਪ੍ਰਦਰਸ਼ਨਾਂ ਜਾਂ ਫੋਟੋਸ਼ੂਟ ਲਈ ਵਰਤਣਾ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰਦਾ ਹੈ। ਪੇਟਾ ਨੇ ਸਿਫਾਰਸ਼ ਕੀਤੀ ਹੈ ਕਿ ਹਾਥੀ ਸਵਾਰੀਆਂ ਅਤੇ ਅਜਿਹੇ ਹੋਰ ਕੰਮਾਂ ਨੂੰ ਖਤਮ ਕਰਕੇ ਉਨ੍ਹਾਂ ਦੀ ਜਗ੍ਹਾ ਸਜਾਏ ਹੋਏ ਇਲੈਕਟ੍ਰਿਕ ਵਾਹਨਾਂ ਜਾਂ ਰੋਬੋਟ ਹਾਥੀਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
