ਪੈਟਰੋਲ ਟੈਂਕਰ ਪਲਟਣ ਕਾਰਨ ਲੱਗੀ ਅੱਗ, ਵਿਅਕਤੀ ਦੀ ਝੁਲਸਣ ਕਾਰਨ ਹੋਈ ਮੌਤ
Thursday, Dec 05, 2024 - 03:03 AM (IST)
ਕੋਲਹਾਪੁਰ/ਸਿੰਧੂਦੁਰਗ — ਮਹਾਰਾਸ਼ਟਰ 'ਚ ਨਿਪਾਨੀ-ਦੇਵਗੜ੍ਹ ਹਾਈਵੇਅ 'ਤੇ ਫੋਂਡਾ ਘਾਟ 'ਤੇ ਬੁੱਧਵਾਰ ਨੂੰ ਪੈਟਰੋਲ ਟੈਂਕਰ ਪਲਟਣ ਅਤੇ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਭਾਰਤ ਪੈਟਰੋਲੀਅਮ ਕੰਪਨੀ ਦਾ ਇਕ ਪੈਟਰੋਲ ਟੈਂਕਰ ਕੋਲਹਾਪੁਰ ਤੋਂ ਫੌਂਡਾ ਘਾਟ ਰਾਹੀਂ ਸਿੰਧੂਦੁਰਗ ਜਾ ਰਿਹਾ ਸੀ।
ਇਸੇ ਦੌਰਾਨ ਘਾਟ ਸੈਕਸ਼ਨ ਵਿੱਚ ਇੱਕ ਮੋੜ ’ਤੇ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਟੈਂਕਰ ਪਲਟ ਗਿਆ। ਇਸ ਤੋਂ ਬਾਅਦ ਅਚਾਨਕ ਟੈਂਕਰ ਨੂੰ ਅੱਗ ਲੱਗ ਗਈ ਅਤੇ ਟੈਂਕੀ 'ਚੋਂ ਪੈਟਰੋਲ ਸੜਕ 'ਤੇ ਫੈਲ ਗਿਆ, ਜਿਸ ਕਾਰਨ ਅੱਗ ਹੋਰ ਭੜਕ ਗਈ। ਇਸ ਘਟਨਾ 'ਚ ਟੈਂਕਰ ਦੇ ਕੈਬਿਨ 'ਚ ਮੌਜੂਦ ਇਕ ਵਿਅਕਤੀ ਨੇ ਬਲਦੇ ਹੋਏ ਟੈਂਕਰ 'ਚੋਂ ਛਾਲ ਮਾਰ ਦਿੱਤੀ ਅਤੇ ਸੜਨ ਕਾਰਨ ਉਸ ਦੀ ਮੌਤ ਹੋ ਗਈ।
ਰਿਪੋਰਟ ਦਰਜ ਹੋਣ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਕੰਕਾਵਲੀ ਦੀ ਟੀਮ ਨੇ ਫਾਇਰ ਬ੍ਰਿਗੇਡ ਕਰਮਚਾਰੀਆਂ ਸਮੇਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।