ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ''ਚ ਮਮਤਾ ਇਲੈਕਟ੍ਰਿਕ ਸਕੂਟਰ ''ਤੇ ਬੈਠ ਦਫ਼ਤਰ ਪੁੱਜੀ
Thursday, Feb 25, 2021 - 03:23 PM (IST)
ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਵੀਰਵਾਰ ਨੂੰ ਅਨੋਖੇ ਤਰੀਕੇ ਨਾਲ ਵਿਰੋਧ ਦਰਜ ਕੀਤਾ। ਉਹ ਇਲੈਕਟ੍ਰਿਕ ਸਕੂਟਰ 'ਤੇ ਬੈਠ ਕੇ ਸੂਬਾ ਸਕੱਤਰੇਤ 'ਨਾਬੰਨਾ' ਪਹੁੰਚੀ। ਸਕੂਟਰ ਸੂਬਾ ਸਰਕਾਰ 'ਚ ਮੰਤਰੀ ਅਤੇ ਕੋਲਕਾਤਾ ਦੇ ਮਹਾਪੌਰ ਫਿਰਹਾਦ ਹਕੀਮ ਚੱਲਾ ਰਹੇ ਸਨ। ਸਕੂਟਰ 'ਤੇ ਸਵਾਰ ਮਮਤਾ ਬੈਨਰਜੀ ਨੇ ਗਲ਼ੇ 'ਚ ਤਖਤੀ ਟੰਗੀ ਸੀ, ਜਿਸ 'ਤੇ ਫਿਊਲ ਦੀਆਂ ਕੀਮਤਾਂ 'ਚ ਵਾਧੇ ਵਿਰੁੱਧ ਨਾਅਰੇ ਲਿਖੇ ਸਨ। ਮਮਤਾ ਬੈਨਰਜੀ ਨੇ ਹਾਜਰਾ ਮੋੜ ਤੋਂ ਸੂਬਾ ਸਕੱਤਰੇਤ ਵਿਚਾਲੇ 5 ਕਿਲੋਮੀਟਰ ਦਾ ਸਫ਼ਰ ਸਕੂਟਰ 'ਤੇ ਤੈਅ ਕੀਤਾ ਅਤੇ ਇਸ ਦੌਰਾਨ ਸੜਕ ਦੇ ਦੋਹਾਂ ਪਾਸੇ ਲੋਕ ਖੜ੍ਹੇ ਹੋ ਕੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਨਜ਼ਰ ਆਏ।
'ਨਾਬੰਨਾ' ਪਹੁੰਚਣ 'ਤੇ ਮਮਤਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ,''ਅਸੀਂ ਫਿਊਲ ਦੀਆਂ ਕੀਮਤਾਂ 'ਚ ਵਾਧੇ ਦਾ ਵਿਰੋਧ ਕਰ ਰਹੇ ਹਾਂ। ਮੋਦੀ ਸਰਕਾਰ ਸਿਰਫ਼ ਝੂਠੇ ਵਾਅਦੇ ਕਰਦੀ ਹੈ। ਉਨ੍ਹਾਂ ਨੇ (ਕੇਂਦਰ) ਫਿਊਲ ਦੀ ਕੀਮਤ ਨੂੰ ਘੱਟ ਕਰਨ ਲਈ ਕੁਝ ਨਹੀਂ ਕੀਤਾ। ਤੁਸੀਂ ਮੋਦੀ ਸਰਕਾਰ ਦੇ ਸੱਤਾ 'ਚ ਆਉਣ ਅਤੇ ਹੁਣ ਦੇ ਪੈਟਰੋਲ ਦੀਆਂ ਕੀਮਤਾਂ 'ਚ ਅੰਦਰ ਨੂੰ ਦੇਖ ਸਕਦੇ ਹੋ।'' ਉਨ੍ਹਾਂ ਕਿਹਾ,''ਮੋਦੀ ਅਤੇ ਸ਼ਾਹ ਦੇਸ਼ ਨੂੰ ਵੇਚ ਰਹੇ ਹਨ। ਇਹ ਜਨਵਿਰੋਧੀ ਸਰਕਾਰ ਹੈ।'' ਤ੍ਰਿਣਮੂਲ ਕਾਂਗਰਸ ਮੁਖੀ ਨੇ ਅਹਿਮਦਾਬਾਦ ਸਥਿਤ ਸਰਕਾਰ ਪਟੇਲ ਸਟੇਡੀਅਮ, ਜਿਸ ਨੂੰ ਮੋਟੇਰਾ ਸਟੇਡੀਅਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਦਾ ਨਾਮਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ ਕਰਨ ਦੀ ਵੀ ਭਾਜਪਾ ਸਰਕਾਰ ਦੀ ਆਲੋਚਨਾ ਕੀਤੀ।