ਅੰਧਵਿਸ਼ਵਾਸ, ਜਾਦੂ-ਟੂਣੇ ਖ਼ਿਲਾਫ਼ ਸੁਪਰੀਮ ਕੋਰਟ ''ਚ ਪਟੀਸ਼ਨ ਦਾਖ਼ਲ
Saturday, Jul 20, 2024 - 03:34 PM (IST)
ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਅੰਧਵਿਸ਼ਵਾਸ, ਜਾਦੂ-ਟੂਣੇ ਅਤੇ ਇਸੇ ਤਰ੍ਹਾਂ ਦੀ ਹੋਰ ਕੁਪ੍ਰਥਾਵਾਂ ਨੂੰ ਖ਼ਤਮ ਕਰਨ ਲਈ ਉੱਚਿਤ ਕਦਮ ਚੁੱਕਣ ਲਈ ਕੇਂਦਰ ਅਤੇ ਸੂਬਿਆਂ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਸਮਾਜ 'ਚ ਪ੍ਰਚਲਿਤ ਅਵਿਗਿਆਨੀ ਚੀਜ਼ਾਂ ਨੂੰ ਖ਼ਤਮ ਕਰਨ ਲਈ ਅੰਧਵਿਸ਼ਵਾਸ ਅਤੇ ਜਾਦੂ-ਟੂਣਾ ਰੋਕੂ ਕਾਨੂੰਨ ਦੀ ਲੋੜ ਹੈ। ਇਸ 'ਚ ਫਰਜ਼ੀ ਸੰਤਾਂ ਨੂੰ ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਤੋਂ ਰੋਕਣ ਦੇ ਸੰਬੰਧ 'ਚ ਵੀ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਹੈ।
ਐਡਵੋਕੇਟ ਅਸ਼ਵਨੀ ਕੁਮਾਰ ਉਪਾਧਿਆਏ ਵਲੋਂ ਦਾਇਰ ਪਟੀਸ਼ਨ 'ਚ ਕੇਂਦਰ ਅਤੇ ਸੂਬਿਆਂ ਨੂੰ ਸੰਵਿਧਾਨ ਦੀ ਧਾਰਾ 51ਏ ਦੀ ਭਾਵਨਾ ਦੇ ਅਨੁਰੂਪ ਨਾਗਰਿਕਾਂ 'ਚ ਵਿਗਿਆਨੀ ਸੋਚ-ਸਮਝ, ਮਨੁੱਖਤਾ ਅਤੇ ਜਾਂਚ ਪੜਤਾਲ ਦੀ ਭਾਵਨਾ ਵਿਕਸਿਤ ਕਰਨ ਦੀ ਦਿਸ਼ਾ 'ਚ ਕਦਮ ਚੁੱਕਣ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਗਈ ਹੈ। ਸੰਵਿਧਾਨ ਦੀ ਇਹ ਧਾਰਾ ਮੌਲਿਕ ਕਰਤੱਵਾਂ ਨਾਲ ਸੰਬੰਧਤ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅੰਧਵਿਸ਼ਵਾਸ ਨਾਲ ਭਰੀਆਂ ਕੁਝ ਪ੍ਰਥਾਵਾਂ ਅਣਮਨੁੱਖੀ ਅਤੇ ਸ਼ੋਸ਼ਣ ਕਰਨ ਵਾਲੀਆਂ ਹਨ ਅਤੇ ਇਸ 'ਤੇ ਲਗਾਮ ਲਗਾਉਣ ਲਈ ਕਾਨੂੰਨ ਬਣਾਉਣ ਦੀ ਸਖ਼ਤ ਲੋੜ ਹੈ। ਇਸ 'ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਕਈ ਲੋਕ ਅਤੇ ਸੰਗਠਨ ਅੰਧਵਿਸ਼ਵਾਸ ਅਤੇ ਜਾਦੂ-ਟੂਣੇ ਦਾ ਸਹਾਰਾ ਲੈ ਕੇ ਵੱਡੇ ਪੈਮਾਨੇ 'ਤੇ ਧਰਮ ਬਦਲ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e