ਗੋਆ ਟ੍ਰਿਪ ਦੀ ਬਜਾਏ 3 ਕਿਲੋ ਪਿਆਜ਼ ਦੇ ਆਫਰ ਨੂੰ ਜ਼ਿਆਦਾ ਪਸੰਦ ਕਰ ਰਹੇ ਲੋਕ

12/14/2019 1:23:38 AM

ਹੈਦਰਾਬਾਦ - ਪਿਆਜ਼ ਦੀਆਂ ਕੀਮਤਾਂ ਵਧਣ ਨਾਲ ਦੇਸ਼ ਭਰ ’ਚ ਲੋਕ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਇਕ ਖਬਰ ਸਾਹਮਣੇ ਆਈ ਸੀ, ਜਿਸ ’ਚ ਇਕ ਦੁਕਾਨ ਮੋਬਾਇਲ ਖਰੀਦਣ ’ਤੇ 1 ਕਿਲੋ ਪਿਆਜ਼ ਮੁਫਤ ਦੇਣ ਦਾ ਆਫਰ ਦੇ ਰਹੀ ਸੀ। ਇਸ ਤੋਂ ਬਾਅਦ ਹੁਣ ਹੈਦਰਾਬਾਦ ਦੀ ਇਕ ਆਨਲਾਈਨ ਬੱਸ ਟਿਕਟ ਬੁੱਕ ਕਰਨ ਵਾਲੀ ਕੰਪਨੀ ਨੇ ਇਸ ਤਰ੍ਹਾਂ ਦਾ ਆਫਰ ਆਪਣੇ ਗਾਹਕਾਂ ਨੂੰ ਦਿੱਤਾ ਹੈ। ਕੰਪਨੀ ਕੋਲ ਕੁੱਲ 4 ਆਫਰ ਹਨ।

ਇਨ੍ਹਾਂ ’ਚੋਂ ਇਕ ਹੈ ਫੁੱਲ ਪੇਡ ਗੋਆ ਟ੍ਰਿਪ, ਇਕ ਆਈਫੋਨ, ਈ-ਬਾਈਕ ਅਤੇ 3 ਕਿਲੋ ਪਿਆਜ਼ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ 3 ਕਿਲੋ ਮੁਫਤ ਪਿਆਜ਼ ਵਾਲਾ ਆਫਰ ਹੀ ਲੈ ਰਹੇ ਹਨ। ਕੰਪਨੀ ਨੇ ਪਿਆਜ਼ ਦਾ ਆਫਰ ਇਸ ਲਈ ਹੀ ਦਿੱਤਾ ਹੈ ਕਿਉਂਕਿ ਕੁਝ ਸਮੇਂ ਤੋਂ ਪਿਆਜ਼ ਦੀਆਂ ਕੀਮਤਾਂ ’ਚ ਕਾਫੀ ਵਾਧਾ ਹੋਇਆ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਪਿਆਜ਼ ਦੀਆਂ ਕੀਮਤਾਂ 200 ਰੁਪਏ ਕਿਲੋ ਤਕ ਪੁੱਜ ਗਈਆਂ ਹਨ ਅਤੇ ਸੋਸ਼ਲ ਮੀਡੀਆਂ ’ਤੇ ਪਿਆਜ਼ ਦੀਆਂ ਕੀਮਤਾਂ ’ਤੇ ਕਈ ਮੀਮਜ਼ ਅਤੇ ਚੁਟਕਲੇ ਬਣ ਰਹੇ ਹਨ।

10 ਦਸਬੰਰ ਨੂੰ ਇਹ ਆਫਰ ਦਿੱਤੇ ਜਾਣ ਤੋਂ ਬਾਅਦ ਕੰਪਨੀ ਦੇ ਪਲੇਟਫਾਰਮ ’ਤੇ 54 ਫੀਸਦੀ ਲੋਕਾਂ ਨੇ ਆਫਰ ’ਚ ਪਿਆਜ਼ ਨੂੰ ਚੁਣਿਆ ਹੈ। ਉੱਥੇ ਹੀ ਗੋਆ ਵਾਲੇ ਆਫਰ ਨੂੰ ਸਿਰਫ 46 ਫੀਸਦੀ ਲੋਕਾਂ ਨੇ ਹੀ ਚੁਣਿਆ ਹੈ। ਕੰਪਨੀ ਹਰ ਰੋਜ਼ ਲੱਕੀ ਡਰਾਅ ਕੱਢਦੀ ਹੈ, ਜਿਸ ’ਚ 20 ਲੋਕਾਂ ਦੀ ਚੋਣ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਘਰਾਂ ਤਕ 3 ਕਿਲੋ ਪਿਆਜ਼ ਪਹੁੰਚਾਉਂਦੀ ਹੈ। ਕੰਪਨੀ ਦੇ ਸੀ.ਓ.ਓ. ਰੋਹਿਤ ਸ਼ਰਮਾ ਨੇ ਕਿਹਾ ਕਿ ਸਾਡੀ ਕੰਪਨੀ ਗਾਹਕਾਂ ਨੂੰ ਵੱਖ-ਵੱਖ ਆਫਰ ਦੇ ਕੇ ਲਗਾਤਾਰ ਨਵੇਂ ਪ੍ਰਯੋਗ ਕਰ ਰਹੀ ਹੈ, ਜੋ ਉਨ੍ਹਾਂ ਦੀ ਯਾਤਰਾ ਮਜ਼ੇਦਾਰ ਅਤੇ ਆਸਾਨ ਬਣਾਉਂਦਾ ਹੈ ਅਤੇ ਉਨ੍ਹਾਂ ਦੀਆਂ ਬਦਲਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਦੀ ਹੈ।


Inder Prajapati

Content Editor

Related News