''ਆਪ'' ਦੀ ਹਾਰ ਮਗਰੋਂ ਪ੍ਰਿਅੰਕਾ ਗਾਂਧੀ ਦਾ ਬਿਆਨ- ਦਿੱਲੀ ਦੇ ਲੋਕ ਆ ਗਏ ਸਨ ਤੰਗ
Saturday, Feb 08, 2025 - 02:29 PM (IST)
![''ਆਪ'' ਦੀ ਹਾਰ ਮਗਰੋਂ ਪ੍ਰਿਅੰਕਾ ਗਾਂਧੀ ਦਾ ਬਿਆਨ- ਦਿੱਲੀ ਦੇ ਲੋਕ ਆ ਗਏ ਸਨ ਤੰਗ](https://static.jagbani.com/multimedia/2025_2image_14_28_162872230gandhiji.jpg)
ਵਾਇਨਾਡ- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਜਿੱਤ ਵੱਲ ਵੱਧਣ ਮਗਰੋਂ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਕਿਉਂਕਿ ਜਿਸ ਤਰ੍ਹਾਂ ਨਾਲ ਚੀਜ਼ਾਂ ਚੱਲ ਰਹੀਆਂ ਹਨ, ਉਸ ਤੋਂ ਉਹ ਤੰਗ ਆ ਗਏ ਸਨ। ਦੱਸ ਦੇਈਏ ਕਿ ਦਿੱਲੀ ਚੋਣ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਸੋਮਨਾਥ ਭਾਰਤੀ, ਦੁਰਗੇਸ਼ ਪਾਠਕ ਅਤੇ ਸੌਰਭ ਭਾਰਦਵਾਜ ਹਾਰ ਗਏ ਹਨ।
ਵਾਇਨਾਡ ਤੋਂ ਲੋਕ ਸਭਾ ਮੈਂਬਰ ਪ੍ਰਿਅੰਕਾ ਗਾਂਧੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਚੋਣਾਂ ਤੋਂ ਪਹਿਲਾਂ ਪਾਰਟੀ ਦੀਆਂ ਬੈਠਕਾਂ ਦੌਰਾਨ ਇਹ ਸਪੱਸ਼ਟ ਸੀ ਕਿ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਚੀਜ਼ਾਂ ਜਿਸ ਤਰ੍ਹਾਂ ਨਾਲ ਸੀ ਉਸ ਤੋਂ ਲੋਕ ਤੰਗ ਆ ਗਏ ਸਨ ਅਤੇ ਬਦਲਾਅ ਚਾਹੁੰਦੇ ਸਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਬਦਲਾਅ ਲਈ ਵੋਟਾਂ ਪਾਈਆਂ। ਜੋ ਲੋਕ ਜਿੱਤੇ ਹਨ ਉਨ੍ਹਾਂ ਨੂੰ ਮੇਰੇ ਵਲੋਂ ਵਧਾਈ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਚੋਂ ਬਾਕੀ ਲੋਕਾਂ ਲਈ ਇਸ ਦਾ ਮਤਲਬ ਸਿਰਫ਼ ਇੰਨਾ ਹੈ ਕਿ ਸਾਨੂੰ ਸਖ਼ਤ ਮਿਹਨਤ ਕਰਨੀ ਹੋਵੇਗੀ, ਉੱਥੇ ਰਹਿਣਾ ਹੋਵੇਗਾ, ਜ਼ਮੀਨ 'ਤੇ ਰਹਿਣਾ ਹੋਵੇਗਾ ਅਤੇ ਲੋਕਾਂ ਦੇ ਮੁੱਦਿਆਂ ਪ੍ਰਤੀ ਜਵਾਬਦੇਹ ਬਣਨਾ ਹੋਵੇਗਾ। ਪ੍ਰਿਅੰਕਾ ਕੇਰਲ ਦੇ ਤਿੰਨ ਦਿਨਾਂ ਦੌਰੇ 'ਤੇ ਹੈ।