ਪਟਨਾ 'ਚ ਠੰਡ ਦਾ ਕਹਿਰ ਜਾਰੀ, 5 ਜਨਵਰੀ ਤੱਕ ਸਕੂਲ ਕੀਤੇ ਬੰਦ
Thursday, Jan 02, 2020 - 09:45 AM (IST)

ਪਟਨਾ—ਬਿਹਾਰ 'ਚ ਸ਼ੀਤਲਹਿਰ ਦਾ ਕਹਿਰ ਜਾਰੀ ਹੈ। ਪ੍ਰਸ਼ਾਸਨ ਨੇ ਕੜਾਕੇ ਦੀ ਠੰਡ ਨੂੰ ਦੇਖਦੇ ਹੋਏ ਪਟਨਾ ਦੇ 10ਵੀਂ ਤੱਕ ਦੇ ਸਾਰੇ ਸਕੂਲ 5 ਜਨਵਰੀ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ। ਇਸ ਨੂੰ ਲੈ ਕੇ ਪਟਨਾ ਦੇ ਡੀ.ਐੱਮ. ਕੁਮਾਰ ਰਵੀ ਨੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਜਾ ਆਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ 2 ਜਨਵਰੀ ਤੱਕ ਸਕੂਲ ਬੰਦ ਕਰਨ ਦਾ ਆਦੇਸ਼ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਬਿਹਾਰ 'ਚ ਲਗਾਤਾਰ ਕੜਾਕੇ ਦੀ ਠੰਡ ਨਾਲ ਜਨਜੀਵਨ ਪ੍ਰਭਾਵਿਤ ਹੋ ਚੁੱਕਾ ਹੈ। ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਦੌਰਾਨ ਗਯਾ ਦਾ 3.9, ਪੂਰਨੀਆ ਦਾ 7.3 ਅਤੇ ਭਾਗਲਪੁਰ ਦਾ 5.4 ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਅਗਲੇ 10 ਜਨਵਰੀ ਤੱਕ ਸੂਬੇ 'ਚ ਠੰਡ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ ਅਤੇ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਗਈ ਹੈ।