ਮਾਓਵਾਦੀਆਂ ਨਾਲ ਸਬੰਧ ਰੱਖਣ ਵਾਲੇ ਪਾਦਰੀ ਸਟੈਨ ਸਵਾਮੀ ਦਾ ਦਿਹਾਂਤ
Tuesday, Jul 06, 2021 - 04:29 AM (IST)
ਮੁੰਬਈ – ਐਲਗਾਰ ਪ੍ਰੀਸ਼ਦ-ਮਾਓਵਾਦੀ ਸਬੰਧ ਮਾਮਲੇ ਵਿਚ ਦੋਸ਼ੀ ਪਾਦਰੀ ਸਟੈਨ ਸਵਾਮੀ ਦਾ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਸਵਾਮੀ ਦਾ ਜਿਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ, ਉਸਦੇ ਇਕ ਅਧਿਕਾਰੀ ਨੇ ਬੰਬਈ ਹਾਈ ਕੋਰਟ ਨੂੰ ਸੋਮਵਾਰ ਨੂੰ ਇਸ ਬਾਰੇ ਦੱਸਿਆ। ਬਾਂਦਰਾ ਵਿਚ ਹੋਲੀ ਫੈਮਿਲੀ ਹਸਪਤਾਲ ਦੇ ਡਾਇਰੈਕਟਰ ਡਾ. ਈਆਨ ਡਿਸੂਜਾ ਨੇ ਹਾਈ ਕੋਰਟ ਦੇ ਜਸਟਿਸ ਐੱਸ. ਐੱਸ. ਸ਼ਿੰਦੇ ਅਤੇ ਜਸਟਿਸ ਐੱਨ. ਜੇ. ਜਮਾਦਾਰ ਦੀ ਬੈਂਚ ਨੂੰ ਦੱਸਿਆ ਕਿ 84 ਸਾਲਾ ਸਵਾਮੀ ਦੀ ਸੋਮਵਾਰ ਦੁਪਹਿਰ 1.30 ਵਜੇ ਮੌਤ ਹੋ ਗਈ।
ਹਾਈ ਕੋਰਟ ਵੱਲੋਂ ਸਵਾਮੀ ਦੀ ਇਕ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਆਦੀਵਾਸੀਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਕਾਰਕੁੰਨ ਨੂੰ 29 ਮਈ ਨੂੰ ਤਲੋਜਾ ਜੇਲ ਤੋਂ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਹ ਕੋਰੋਨਾ ਵਾਇਰਸ ਤੋਂ ਇਨਫੈਕਟਿਡ ਸਨ। ਓਧਰ ਸਵਾਮੀ ਦੇ ਵਕੀਲ ਨੇ ਕਿਹਾ ਕਿ ਤਲੋਜਾ ਜੇਲ ਪ੍ਰਸ਼ਾਸਨ ਵੱਲੋਂ ਲਾਪ੍ਰਵਾਹੀ ਕੀਤੀ ਗਈ ਅਤੇ ਉਨ੍ਹਾਂ ਨੂੰ ਤੁਰੰਤ ਮੈਡੀਕਲ ਸਹੂਲਤ ਨਹੀਂ ਦਿੱਤੀ ਗਈ। ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸਵਾਮੀ ਨੂੰ ਅਕਤੂਬਰ 2020 ਵਿਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਉਦੋਂ ਤੋਂ ਜੇਲ ਵਿਚ ਸਨ।
ਓਧਰ ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਦੇ ਜਨਰਲ ਸਕੱਤਰ ਸੀਤਾਰਾਮ ਯੁਚੇਰੀ ਨੇ ਕਿਹਾ ਕਿ ਫਾਦਰ ਸਟੇਨ ਸਵਾਮੀ ਦੇ ਦਿਹਾਂਤ ਤੋਂ ਉਹ ਦੁਖੀ ਅਤੇ ਗੁੱਸੇ ਵਿਚ ਹਨ। ਉਨ੍ਹਾਂ ਕਿਹਾ ਕਿ ਹਿਰਾਸਤ ਵਿਚ ਹੋਈ ਇਸ ਹੱਤਿਆ ਲਈ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।