ਪਹਿਲੀ ਹੀ ਕੋਸ਼ਿਸ਼ ''ਚ IAS ਦੀ ਪ੍ਰੀਖਿਆ ਪਾਸ ਕਰ ਕੇ ਰੌਸ਼ਨ ਕੀਤਾ ਘਰ ਅਤੇ ਸ਼ਹਿਰ ਦਾ ਨਾਮ

Tuesday, May 31, 2022 - 11:55 AM (IST)

ਪਹਿਲੀ ਹੀ ਕੋਸ਼ਿਸ਼ ''ਚ IAS ਦੀ ਪ੍ਰੀਖਿਆ ਪਾਸ ਕਰ ਕੇ ਰੌਸ਼ਨ ਕੀਤਾ ਘਰ ਅਤੇ ਸ਼ਹਿਰ ਦਾ ਨਾਮ

ਬੁਲੰਦਸ਼ਹਿਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਬੁਲੰਦਸ਼ਹਿਰ ਦੇ ਉੱਤਮ ਭਾਰਦਵਾਜ ਨੇ ਆਪਣੀ ਪਹਿਲੀ ਹੀ ਕੋਸ਼ਿਸ਼ 'ਚ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੀ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਵਲੋਂ ਆਯੋਜਿਤ ਪ੍ਰੀਖਿਆ 'ਚ 121ਵੀਂ ਰੈਂਕ ਹਾਸਲ ਕਰ ਕੇ ਆਪਣੇ ਪਰਿਵਾਰ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਬੁਲੰਦਸ਼ਹਿਰ ਦੇ ਦੇਵੀਪੁਰਾ ਵਾਸੀ ਉੱਤਮ ਭਾਰਦਵਾਜ ਦੇ ਪਿਤਾ ਬਿਜਲੀ ਵਿਭਾਗ 'ਚ ਕਾਰਜਕਾਰੀ ਇੰਜੀਨੀਅਰ ਦੇ ਅਹੁਦੇ 'ਤੇ ਤਾਇਨਾਤ ਹਨ। ਉੱਤਮ ਭਾਰਦਵਾਜ ਨੇ 10ਵੀਂ ਦੀ ਪ੍ਰੀਖਿਆ ਸਥਾਨਕ ਨਿਰਮਲਾ ਕਾਨਵੈਂਟ ਸਕੂਲ ਤੋਂ ਪਾਸ ਕੀਤੀ। ਉਸ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਆਗਰਾ ਚਲੇ ਗਏ। ਉੱਤਮ ਅਨੁਸਾਰ ਉਨ੍ਹਾਂ ਦਾ ਸੁਫ਼ਨਾ ਫ਼ੌਜ 'ਚ ਅਸਫ਼ਰ ਬਣਨ ਦਾ ਸੀ ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਮੌਜੂਦਾ ਸਮੇਂ ਉੱਤਮ ਦਿੱਲੀ 'ਚ ਵਿਦੇਸ਼ ਮੰਤਰਾਲਾ 'ਚ ਅਸਿਸਟੈਂਟ ਸੈਕਸ਼ਨ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਹਨ।

ਇਹ ਵੀ ਪੜ੍ਹੋ : 685 ਉਮੀਦਵਾਰਾਂ ਨੇ ਸਿਵਲ ਸੇਵਾ ਪ੍ਰੀਖਿਆ ਕੀਤੀ ਪਾਸ, ਸ਼ਰੂਤੀ ਸ਼ਰਮਾ ਨੇ ਹਾਸਲ ਕੀਤਾ ਪਹਿਲਾ ਸਥਾਨ

ਉਨ੍ਹਾਂ ਦੱਸਿਆ ਕਿ ਐੱਨ.ਡੀ.ਏ. ਦੀ ਪ੍ਰੀਖਿਆ 'ਚ 2 ਵਾਰ ਅਸਫ਼ਲ ਹੋਣ 'ਤੇ ਉਨ੍ਹਾਂ ਨੂੰ ਨਿਰਾਸ਼ਾ ਹੋਈ ਪਰ ਮਾਤਾ-ਪਿਤਾ ਨੇ ਹੌਂਸਲਾ ਵਧਾਇਆ ਅਤੇ ਕੁਝ ਵੱਖਰਾ ਕਰਨ ਲਈ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਉਹ ਯੂ.ਪੀ.ਐੱਸ.ਸੀ. ਦੀ ਤਿਆਰੀ 'ਚ ਜੁਟ ਗਏ ਅਤੇ ਆਪਣੀ ਪਹਿਲੀ ਕੋਸ਼ਿਸ਼ 'ਚ ਉਨ੍ਹਾਂ ਨੂੰ ਸਫ਼ਲਤਾ ਮਿਲ ਗਈ। ਸੋਮਵਾਰ ਨੂੰ ਐਲਾਨ ਹੋਏ ਨਤੀਜਿਆਂ 'ਚ ਉਨ੍ਹਾਂ ਨੂੰ 121ਵੀਂ ਰੈਂਕ ਮਿਲੀ ਹੈ, ਉਨ੍ਹਾਂ ਦੀ ਸਫ਼ਲਤਾ ਤੋਂ ਪਰਿਵਾਰ ਵਾਲੇ ਖੁਸ਼ ਹਨ। ਉੱਤਮ ਭਾਰਦਵਾਜ ਨੇ ਆਪਣੀ ਸਫ਼ਲਤਾ ਦਾ ਸਿਹਰਾ ਪਿਤਾ ਨਵੀਨ ਕੁਮਾਰ ਸ਼ਰਮਾ ਅਤੇ ਮਾਂ ਸੁਧਾ ਸ਼ਰਮਾ ਨੂੰ ਦਿੱਤਾ ਹੈ। ਉਨ੍ਹਾਂ ਕਹਿਣਾ ਹੈ ਕਿ ਜੇਕਰ ਐੱਨ.ਡੀ.ਏ. ਪ੍ਰੀਖਿਆ 'ਚ ਮਿਲੀ ਅਸਫ਼ਲਤਾ ਤੋਂ ਬਾਅਦ ਪਿਤਾ ਜੀ ਹੌਂਸਲਾ ਨਹੀਂ ਵਧਾਉਂਦੇ ਤਾਂ ਉਹ ਕਦੇ ਵੀ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ 'ਚ ਪਾਸ ਨਹੀਂ ਹੋ ਪਾਉਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਪੜ੍ਹਾਈ ਹੀ ਸਫ਼ਲਤਾ ਦਾ ਇਕਮਾਤਰ ਮਾਪਦੰਡ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News