ਸਹੀ ਰਸਤੇ ''ਤੇ ਆਇਆ ਚੀਨ, ਜੰਮੂ-ਕਸ਼ਮੀਰ ਤੇ ਅਰੁਣਾਚਲ ਨੂੰ ਮੰਨਿਆ ਭਾਰਤ ਦਾ ਹਿੱਸਾ

Saturday, Apr 27, 2019 - 01:24 AM (IST)

ਸਹੀ ਰਸਤੇ ''ਤੇ ਆਇਆ ਚੀਨ, ਜੰਮੂ-ਕਸ਼ਮੀਰ ਤੇ ਅਰੁਣਾਚਲ ਨੂੰ ਮੰਨਿਆ ਭਾਰਤ ਦਾ ਹਿੱਸਾ

ਪੇਈਚਿੰਗ, (ਇੰਟ.)— ਆਮ ਤੌਰ 'ਤੇ ਅਰੁਣਾਚਲ ਪ੍ਰਦੇਸ਼ ਨੂੰ ਆਪਣਾ ਹਿੱਸਾ ਮੰਨਣ ਵਾਲੇ ਚੀਨ ਨੇ ਆਪਣੇ ਇਕ ਨਕਸ਼ੇ 'ਚ ਪੂਰੇ ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਦਿਖਾਇਆ ਹੈ। ਪੇਈਚਿੰਗ 'ਚ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਦੇ ਦੂਜੇ ਸਮਿਟ 'ਚ ਚੀਨ ਨਕਸ਼ਾ ਪ੍ਰਦਰਿਸ਼ਤ ਕਰ ਰਿਹਾ ਸੀ। ਇਸੇ 'ਚ ਚੀਨ ਨੇ ਪੂਰੇ ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਦਿਖਾਇਆ ਹੈ।
ਇਸ ਨਕਸ਼ੇ 'ਚ ਭਾਰਤ ਨੂੰ ਵੀ ਬੀ. ਆਰ. ਆਈ. ਦਾ ਹਿੱਸਾ ਦਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਸਮਿਟ ਦਾ ਬਾਈਕਾਟ ਕੀਤਾ ਹੈ। ਇਸ ਤੋਂ ਪਹਿਲਾਂ 2017 'ਚ ਬੀ. ਆਰ. ਆਈ. ਦੇ ਪਹਿਲੇ ਸਮਿਟ 'ਚ ਵੀ ਭਾਰਤ ਸ਼ਾਮਲ ਨਹੀਂ ਹੋਇਆ ਸੀ। ਇਸ ਸਮਿਟ 'ਚ 37 ਦੇਸ਼ ਸ਼ਾਮਲ ਹੋ ਰਹੇ ਹਨ। ਬੀ. ਆਰ. ਆਈ. ਦਾ ਮਕਸਦ ਰਾਜ ਮਾਰਗਾਂ, ਰੇਲ ਲਾਈਨਾਂ, ਬੰਦਰਗਾਹਾਂ ਅਤੇ ਸੀ-ਲੇਨ ਦੇ ਨੈੱਟਵਰਕ ਦੇ ਮਾਧਿਅਮ ਰਾਹੀਂ ਏਸ਼ੀਆ, ਅਫਰੀਕਾ ਅਤੇ ਯੂਰਪ ਨੂੰ ਜੋੜਨ ਦਾ ਟੀਚਾ ਹੈ। 3 ਦਿਨ ਤੱਕ ਚੱਲਣ ਵਾਲੀ ਇਸ ਸਮਿਟ ਦੀ ਸ਼ੁਰੂਆਤ ਵੀਰਵਾਰ ਨੂੰ ਹੋਈ। ਇਹ ਨਕਸ਼ਾ ਚੀਨ ਦੀ ਕਾਮਰਸ ਮਨਿਸਟਰੀ ਨੇ ਪੇਸ਼ ਕੀਤਾ। ਪੂਰੇ ਜੰਮੂ-ਕਸ਼ਮੀਰ ਅਤੇ ਅਰੁਣਾਚਲ ਪ੍ਰਦੇਸ਼ ਨੂੰ ਭਾਰਤ 'ਚ ਸ਼ਾਮਲ ਕਰਨਾ ਚੀਨ ਦਾ ਇਹ ਕਦਮ ਹੈਰਾਨ ਕਰ ਦੇਣ ਵਾਲਾ ਹੈ, ਕਿਉਂਕਿ ਹਾਲ ਹੀ 'ਚ ਚੀਨ ਨੇ ਅਜਿਹੇ ਹਜ਼ਾਰਾਂ ਨਕਸ਼ੇ ਨਸ਼ਟ ਕੀਤੇ ਸਨ, ਜਿਨ੍ਹਾਂ 'ਚ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਸੂਬੇ ਵਜੋਂ ਵਿਖਾਇਆ ਜਾਂਦਾ ਰਿਹਾ ਹੈ। ਚੀਨ ਦੇ ਇਸ ਕਦਮ ਤੋਂ ਜਾਣਕਾਰ ਵੀ ਹੈਰਾਨ ਹਨ। ਭਾਰਤ-ਚੀਨ ਮਾਮਲਿਆਂ ਦੇ ਜਾਣਕਾਰ ਹੁਣ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪੂਰੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਿਖਾਉਣਾ ਭਾਰਤ ਨੂੰ ਖੁਸ਼ ਕਰਨ ਲਈ ਚੀਨ ਦੀ ਚਾਲ ਦਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ 'ਚ ਚੀਨ ਦੇ ਇਕ ਸਰਕਾਰੀ ਚੈਨਲ ਨੇ ਪਾਕਿਸਤਾਨ ਦੇ ਨਕਸ਼ੇ ਤੋਂ ਮਕਬੂਜਾ ਕਸ਼ਮੀਰ ਨੂੰ ਵੱਖਰਾ ਦਿਖਾਇਆ ਸੀ। ਮਕਬੂਜਾ ਕਸ਼ਮੀਰ ਪਾਕਿਸਤਾਨ ਦੇ ਨਕਸ਼ੇ ਤੋਂ ਬਾਹਰ ਕਰਨ ਦਾ ਅਸਰ ਚਾਈਨਾ-ਪਾਕਿਸਤਾਨ ਇਕਨੌਮਿਕ ਕਾਰੀਡੋਰ 'ਤੇ ਵੀ ਪੈ ਸਕਦਾ ਹੈ। ਭਾਰਤ ਇਸ ਪ੍ਰਾਜੈਕਟ ਦੇ ਪੀ. ਓ. ਕੇ. ਤੋਂ ਲੰਘਣ ਦਾ ਵਿਰੋਧ ਕਰ ਚੁੱਕਾ ਹੈ। ਚੀਨ ਨੇ ਪੀ. ਓ. ਕੇ. 'ਚ ਇਨਫਰਾਸਟਰਕਚਰ ਪ੍ਰਾਜੈਕਟਾਂ 'ਚ ਭਾਰੀ ਨਿਵੇਸ਼ ਕੀਤਾ ਹੈ। ਇਸ ਨੂੰ ਲੈ ਕੇ ਭਾਰਤ ਆਪਣੀ ਨਾਰਾਜ਼ਗੀ ਪ੍ਰਗਟਾ ਚੁੱਕਾ ਹੈ।


author

KamalJeet Singh

Content Editor

Related News