ਸੰਸਦ ਦੀ ਸੁਰੱਖਿਆ ’ਚ ਕੋਤਾਹੀ ਦਾ ਮਾਮਲਾ : ਪੁਲਸ ਨੇ ਸੜੇ ਹੋਏ ਫ਼ੋਨ ਦੇ ਟੁਕੜੇ ਰਾਜਸਥਾਨ ’ਚੋਂ ਕੀਤੇ ਬਰਾਮਦ
Sunday, Dec 17, 2023 - 09:28 PM (IST)
ਨਵੀਂ ਦਿੱਲੀ, (ਭਾਸ਼ਾ)- ਸੰਸਦ ਦੀ ਸੁਰੱਖਿਆ ’ਚ ਹੋਈ ਕੋਤਾਹੀ ਤੋਂ ਚਾਰ ਦਿਨ ਬਾਅਦ ਦਿੱਲੀ ਪੁਲਸ ਨੇ ਰਾਜਸਥਾਨ ਦੇ ਨਾਗੌਰ ਤੋਂ ਮੋਬਾਈਲ ਫੋਨ ਦੇ ਕੁਝ ਟੁੱਟੇ ਅਤੇ ਸੜੇ ਹੋਏ ਟੁਕੜੇ ਬਰਾਮਦ ਕੀਤੇ ਹਨ। ਇਕ ਅਧਿਕਾਰੀ ਨੇ ਐਤਵਾਰ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਦਰਜ ਐੱਫ. ਆਈ. ਆਰ. ਵਿੱਚ ਸਬੂਤਾਂ ਨੂੰ ਨਸ਼ਟ ਕਰਨ ਨਾਲ ਸਬੰਧਤ ਧਾਰਾਵਾਂ ਵੀ ਸ਼ਾਮਲ ਕੀਤੀਆਂ ਹਨ। ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਲਲਿਤ ਝਾਅ ਦੇ ਕਹਿਣ ’ਤੇ ਮੋਬਾਈਲ ਫੋਨ ਦੇ ਕੁਝ ਟੁਕੜੇ ਬਰਾਮਦ ਕੀਤੇ ਗਏ। ਲਲਿਤ ਇਸ ਮਾਮਲੇ ’ਚ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ 6 ਮੁਲਜ਼ਮਾਂ ’ਚੋਂ ਇਕ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਸ਼ਨੀਵਾਰ ਝਾਅ ਨੂੰ ਰਾਜਸਥਾਨ ਦੇ ਨਾਗੌਰ ਲੈ ਕੇ ਗਈ ਸੀ। ਉੱਥੇ ਉਹ ਮਹੇਸ਼ ਕੁਮਾਵਤ ਦੀ ਮਦਦ ਨਾਲ ਠਹਿਰਿਆ ਸੀ।
ਸੂਤਰਾਂ ਨੇ ਦੱਸਿਆ ਕਿ ਦਿੱਲੀ ਪੁਲਸ ਨੇ 13 ਦਸੰਬਰ ਨੂੰ ਦਰਜ ਐੱਫ .ਆਈ. ਆਰ.’ਚ ਧਾਰਾ 201 (ਸਬੂਤ ਨੂੰ ਨਸ਼ਟ ਕਰਨਾ) ਅਧੀਨ ਹੋਰ ਸੈਕਸ਼ਨ ਜੋੜਨ ਦਾ ਫੈਸਲਾ ਕੀਤਾ ਹੈ।