ਏਮਸ ਦੇ ਨਿਰਦੇਸ਼ਕ ਦੇ ਅਹੁਦੇ ਲਈ 3 ਨਾਂ ਸ਼ਾਰਟਲਿਸਟ
Sunday, May 01, 2022 - 10:28 AM (IST)

ਨਵੀਂ ਦਿੱਲੀ– ਸਰਕਾਰ ਨੇ ਵੱਕਾਰੀ ਏਮਸ ਦਿੱਲੀ ਦੇ ਮੌਜੂਦਾ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਦੇ ਜਾਨਸ਼ੀਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡਾ. ਗੁਲੇਰੀਆ ਜੋ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ) ਨਵੀਂ ਦਿੱਲੀ ਦੇ ਅਹੁਦਾ ਛੱਡ ਰਹੇ ਨਿਰਦੇਸ਼ਕ ਹਨ, 24 ਜੂਨ 2022 ਨੂੰ ਆਪਣਾ 3 ਮਹੀਨਿਆਂ ਦਾ ਵਧਾਇਆ ਹੋਇਆ ਕਾਰਜਕਾਲ ਪੂਰਾ ਕਰ ਰਹੇ ਹਨ।
ਕੇਂਦਰੀ ਸਿਹਤ ਮੰਤਰਾਲਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਏਮਸ ਨਵੀਂ ਦਿੱਲੀ ਦੇ ਤਿੰਨ ਉੱਘੇ ਡਾਕਟਰ ਇਸ ਅਹੁਦੇ ਦੀ ਦੌੜ ਵਿੱਚ ਹਨ। ਉਹ ਹਨ ਆਰਥੋਪੈਡਿਕਸ ਦੇ ਪ੍ਰੋਫੈਸਰ ਡਾ. ਰਾਜੇਸ਼ ਮਲਹੋਤਰਾ , ਐਂਡੋਕਰੀਨੋਲੋਜੀ ਦੇ ਪ੍ਰੋਫੈਸਰ ਡਾ. ਨਿਖਿਲ ਟੰਡਨ ਤੇ ਗੈਸਟ੍ਰੋਐਂਟਰੌਲੋਜੀ ਦੇ ਪ੍ਰੋਫੈਸਰ ਅਤੇ ਐਸੋਸੀਏਟ ਡੀਨ (ਖੋਜ) ਡਾ. ਪ੍ਰਮੋਦ ਕੁਮਾਰ ਗਰਗ ।
ਬਹੁਤ ਸਾਰੀਆਂ ਅਰਜ਼ੀਆਂ ਵਾਲੇ ਬਿਨੇਕਾਰਾਂ ਦੇ ਰੂਪ ਵਿੱਚ ਕੁਝ ਹੈਰਾਨੀਜਨਕ ਨਾਵਾਂ ਤੋਂ ਇਲਾਵਾ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੇਂਦਰ ਸਰਕਾਰ ਡਾ. ਗੁਲੇਰੀਆ ਦੇ ਵਧੇ ਹੋਏ ਕਾਰਜਕਾਲ ਦੇ ਖਤਮ ਹੋਣ ਤੋਂ ਪਹਿਲਾਂ ਹੀ ਇੱਕ ਨਵਾਂ ਡਾਇਰੈਕਟਰ ਨਿਯੁਕਤ ਕਰ ਸਕਦੀ ਹੈ ਪਰ ਜਾਨਸ਼ੀਨ ਬਾਰੇ ਕੋਈ ਨਹੀਂ ਜਾਣਦਾ ਕਿਉਂਕਿ ਇਹ ਪੀ.ਐੱਮ. ਮੋਦੀ ਅਤੇ ਸਿਹਤ ਮੰਤਰੀ ਡਾ: ਮਨਸੁਖ ਮਾਂਡਵੀਆ ਦਰਮਿਆਨ ਦਾ ਮਾਮਲਾ ਹੈ।
ਡਾ. ਗੁਲੇਰੀਆ ਇਸ ਅਹੁਦੇ ’ਤੇ 3 ਸਾਲ ਤੋਂ ਹਨ । ਫਿਰ ਵੀ ਉਨ੍ਹਾਂ ਦਾ ਡਾਇਰੈਕਟਰ ਦੇ ਅਹੁਦੇ ’ਤੇ ਬਣੇ ਰਹਿਣਾ ਸਰਕਾਰ ਦਾ ਵਿਸ਼ੇਸ਼ ਅਧਿਕਾਰ ਹੈ। ਡਾ. ਗੁਲੇਰੀਆ ਏਮਸ ’ਚ ਪਲਮਨਰੀ ਕੇਅਰ ਵਿਭਾਗ ਦੇ ਮੁਖੀ ਦੇ ਤੌਰ ’ਤੇ ਬਣੇ ਰਹਿਣਗੇ। ਉਹ ਕੋਵਿਡ ਮਹਾਂਮਾਰੀ ਦੌਰਾਨ ਆਪਣੀ ਰੋਜ਼ਾਨਾ ਬ੍ਰੀਫਿੰਗ ਨਾਲ ਸਰਕਾਰ ਦਾ ਚਿਹਰਾ ਸਨ ਅਤੇ ਸੁਰਖੀਆਂ ’ਚ ਸਨ।
ਇਸ ਦੌਰਾਨ ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੀ. ਐੱਸ. ਆਈ. ਆਰ. ਦੇ ਮੌਜੂਦਾ ਡੀ.ਜੀ. ਅਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗ ਦੇ ਸਕੱਤਰ ਡਾ. ਸ਼ੇਖਰ ਸੀ. ਮਾਂਡੇ ਨੂੰ ਵੀ ਐਕਸਟੈਂਸ਼ਨ ਨਹੀਂ ਮਿਲ ਸਕਦੀ। ਮਾਂਡੇ ਦਾ ਸੇਵਾ ਵਿੱਚ ਆਖਰੀ ਦਿਨ 30 ਅਪ੍ਰੈਲ 2022 ਸੀ। ਹਾਲਾਂਕਿ ਅਜਿਹੀਆਂ ਰਿਪੋਰਟਾਂ ਹਨ ਕਿ ਉਨ੍ਹਾਂ ਨੂੰ ਇੱਕ ਸੰਖੇਪ ਵਾਧਾ ਮਿਲ ਸਕਦਾ ਹੈ। ਇਸ ਤੋਂ ਪਹਿਲਾਂ ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਦੇ ਅਹੁਦੇ ਲਈ ਡਾ: ਮਾਂਡੇ ਦਾ ਨਾਂ ਸਾਹਮਣੇ ਆਇਆ ਸੀ ਪਰ ਇਹ ਅਹੁਦਾ ਪ੍ਰੋਫ਼ੈਸਰ ਏ.ਕੇ. ਸੂਦ ਕੋਲ ਚਲਾ ਗਿਆ।