ਲਸ਼ਕਰ ਦੇ ਸਲੀਪਰ ਸੈੱਲ ਦਾ ਮੈਂਬਰ ਸੀ ਮ੍ਰਿਤਕ ਪਾਕਿਸਤਾਨੀ ਕੈਦੀ
Thursday, Feb 21, 2019 - 06:56 PM (IST)

ਜੈਪੁਰ– ਰਾਜਸਥਾਨ ਦੇ ਜੈਪੁਰ ਦੀ ਕੇਂਦਰੀ ਜੇਲ ਵਿਚ ਕੈਦੀਆਂ ਨਾਲ ਹੋਏ ਝਗੜੇ ਦੌਰਾਨ ਮਾਰਿਆ ਗਿਆ ਪਾਕਿਸਤਾਨੀ ਕੈਦੀ ਸ਼ਕਰ ਉੱਲਾ ਲਸ਼ਕਰ ਦੇ ਸਲੀਪਰ ਸੈੱਲ ਦਾ ਮੈਂਬਰ ਸੀ। ਉਸਨੂੰ ਰਾਜਸਥਾਨ ਦੀ ਪੁਲਸ ਨੇ 7 ਹੋਰਨਾਂ ਸਾਥੀਆਂ ਸਮੇਤ 9 ਸਾਲ ਪਹਿਲਾਂ ਗ੍ਰਿਫਤਾਰ ਕੀਤਾ ਸੀ। ਉਸ ’ਤੇ ਅੱਤਵਾਦੀ ਸੰਗਠਨਾਂ ਨੂੰ ਧਨ ਮੁਹੱਈਆ ਕਰਵਾਉਣ ਅਤੇ ਅੱਤਵਾਦੀ ਸਾਜ਼ਿਸ਼ਾਂ ਰਚਣ ਦਾ ਦੋਸ਼ ਸੀ।
ਸੂਤਰਾਂ ਨੇ ਵੀਰਵਾਰ ਦੱਸਿਆ ਕਿ ਰਾਜਸਥਾਨ ਪੁਲਸ ਨੂੰ ਖੁਫੀਆ ਜਾਂਚ ਦੌਰਾਨ ਉਸਦੇ ਲਸ਼ਕਰ ਨਾਲ ਜੁੜੇ ਹੋਣ ਬਾਰੇ ਜਾਣਕਾਰੀ ਮਿਲੀ ਸੀ। ਉਸ ਤੋਂ ਬਾਅਦ ਉਸ ’ਤੇ ਖੁਫੀਆ ਢੰਗ ਨਾਲ ਨਜ਼ਰ ਰੱਖੀ ਗਈ। 2010 ਵਿਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। 2017 ਵਿਚ ਅਦਾਲਤ ਨੇ ਉਸਨੂੰ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।