ਜੰਮੂ-ਕਸ਼ਮੀਰ: ਅੱਤਵਾਦੀਆਂ ਦਾ ਗਾਈਡ ਨਿਕਲਿਆ ਫੜਿਆ ਗਿਆ ਪਾਕਿਸਤਾਨੀ ਨਾਗਰਿਕ
Tuesday, Jul 01, 2025 - 05:22 PM (IST)

ਰਾਜੌਰੀ/ਜੰਮੂ (ਭਾਸ਼ਾ) - ਜੰਮੂ-ਕਸ਼ਮੀਰ ਦੇ ਪੁੰਛ ਅਤੇ ਰਾਜੌਰੀ ਜ਼ਿਲ੍ਹਿਆਂ ਦੀ ਸਰਹੱਦ ’ਤੇ ਕੰਟਰੋਲ ਰੇਖਾ ਦੇ ਨੇੜੇ ਘੁਸਪੈਠ ਦੀ ਕੋਸ਼ਿਸ਼ ਦੌਰਾਨ ਗ੍ਰਿਫ਼ਤਾਰ ਪਾਕਿਸਤਾਨੀ ਨਾਗਰਿਕ ਦੀ ਪਛਾਣ ਅੱਤਵਾਦੀਆਂ ਦੇ ਗਾਈਡ ਵਜੋਂ ਹੋਈ ਹੈ। ਅਧਿਕਾਰੀਆਂ ਅਨੁਸਾਰ ਮੁਹੰਮਦ ਆਰਿਫ ਜੈਸ਼-ਏ-ਮੁਹੰਮਦ (ਜੇ. ਈ. ਐੱਮ.) ਦੇ 4 ਅੱਤਵਾਦੀਆਂ ਦੇ ਇਕ ਸਮੂਹ ਦੀ ਅਗਵਾਈ ਕਰਦਿਆਂ ਭਾਰਤੀ ਸਰਹੱਦ ’ਚ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਐਤਵਾਰ ਦੁਪਹਿਰ ਨੂੰ ਫੌਜ ਦੇ ਜਵਾਨਾਂ ਨੇ ਉਸ ਨੂੰ ਫੜ ਲਿਆ। ਉਸ ਦੇ ਨਾਲ ਮੌਜੂਦ ਅੱਤਵਾਦੀਆਂ ਨੇ ਇਕ ਚਟਾਨ ਤੋਂ ਛਾਲ ਮਾਰ ਦਿੱਤੀ ਅਤੇ ਜ਼ਖ਼ਮੀ ਹਾਲਤ ’ਚ ਪਾਕਿਸਤਾਨੀ ਸਰਹੱਦ ਵੱਲ ਵਾਪਸ ਚਲੇ ਗਏ।
ਇਹ ਵੀ ਪੜ੍ਹੋ - ਪੁਰਾਣੇ iPhone ਵਾਲਿਆਂ ਦੀ ਲੱਗ ਗਈ ਲਾਟਰੀ!
ਆਰਿਫ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ਦਾਤੋਟੇ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਫੌਜ ਦੇ ‘ਏਸ ਆਫ ਸਪੇਡਜ਼’ ਡਿਵੀਜ਼ਨ ਦੇ ਅਧੀਨ ਗੰਭੀਰ ਇਲਾਕੇ ’ਚ ਸਥਿਤ ਹਜ਼ੂਰਾ ਚੌਕੀ ਦੇ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫੌਜ ਦੇ ਜਵਾਨਾਂ ਨੇ ਸੰਘਣੇ ਜੰਗਲਾਂ ’ਚ ਸ਼ੱਕੀ ਗਤੀਵਿਧੀ ਵੇਖੀ, ਜਿੱਥੋਂ ਕੁਝ ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਆਰਿਫ ਨੂੰ ਫੜ ਲਿਆ ਗਿਆ, ਜਦਕਿ 4 ਹੋਰ ਅੱਤਵਾਦੀ ਭਾਰਤੀ ਫੌਜ ਨੂੰ ਦੇਖ ਕੇ ਭੱਜ ਗਏ ਅਤੇ ਮੁਸ਼ਕਲ ਰਸਤਿਆਂ ਅਤੇ ਖ਼ਰਾਬ ਮੌਸਮ ਦਾ ਫ਼ਾਇਦਾ ਉਠਾਉਂਦੇ ਹੋਏ ‘ਨੋ ਮੈਨਜ਼ ਲੈਂਡ’ ਰਾਹੀਂ ਪਾਕਿਸਤਾਨੀ ਸਰਹੱਦ ਵੱਲ ਵਾਪਸ ਪਰਤ ਗਏ। ‘ਨੋ ਮੈਨਜ਼ ਲੈਂਡ’ ਇਕ ਅਜਿਹਾ ਖੇਤਰ ਹੈ, ਜੋ ਕਿਸੇ ਦੇ ਕੰਟਰੋਲ ’ਚ ਨਹੀਂ ਹੁੰਦਾ। ਇਹ ਆਮ ਤੌਰ ’ਤੇ ਦੋ ਵਿਰੋਧੀ ਧਿਰਾਂ ਜਾਂ ਫੌਜਾਂ ਵਿਚਕਾਰ ਇਕ ਖਾਲੀ ਜ਼ਮੀਨ ਹੁੰਦੀ ਹੈ।
ਇਹ ਵੀ ਪੜ੍ਹੋ - Rain Alert 6 Days: ਅਗਲੇ 6 ਦਿਨ ਪਵੇਗਾ ਹੋਰ ਵੀ ਭਾਰੀ ਮੀਂਹ, ਬਿਜਲੀ ਡਿੱਗਣ ਦਾ ਖ਼ਤਰਾ, ਅਲਰਟ ਜਾਰੀ
ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਦੀਆਂ ਮੂਹਰਲੀਆਂ ਚੌਕੀਆਂ ਦੀ ਮੌਜੂਦਗੀ ਕਾਰਨ ਫੌਜ ਗੋਲੀਬਾਰੀ ਨਹੀਂ ਕਰ ਸਕੀ। ਡਰੋਨ ਨਾਲ ਲਈ ਗਈ ਵੀਡੀਓ ’ਚ ਖੂਨ ਦੇ ਧੱਬੇ ਦਿਖਾਈ ਦਿੱਤੇ, ਜਿਸ ਤੋਂ ਪਤਾ ਚੱਲਦਾ ਹੈ ਕਿ ਅੱਤਵਾਦੀਆਂ ਨੂੰ ਇਕ ਖੜ੍ਹੀ ਚੱਟਾਨ ਤੋਂ ਛਾਲ ਮਾਰਨ ਅਤੇ ਡਿੱਗਣ ਕਾਰਨ ਸੱਟਾਂ ਲੱਗੀਆਂ ਹਨ। ਆਰਿਫ ਤੋਂ ਇਕ ਮੋਬਾਈਲ ਫੋਨ ਅਤੇ ਲੱਗਭਗ 20,000 ਪਾਕਿਸਤਾਨੀ ਰੁਪਏ ਮਿਲੇ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਪਾਕਿਸਤਾਨੀ ਪਾਸੇ ਦਾ ਰਹਿਣ ਵਾਲਾ ਹੈ ਅਤੇ ਉਸ ਜਗ੍ਹਾ ਬਾਰੇ ਭੂਗੋਲਿਕ ਜਾਣਕਾਰੀ ਰੱਖਦਾ ਹੈ। ਉਹ ਪਾਕਿਸਤਾਨੀ ਫੌਜ ਦੇ ਨਿਰਦੇਸ਼ਾਂ ’ਤੇ ਅੱਤਵਾਦੀਆਂ ਨੂੰ ਭਾਰਤ ’ਚ ਘੁਸਪੈਠ ਕਰਵਾਉਣ ’ਚ ਮਦਦ ਕਰ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਅੱਤਵਾਦੀ ਗਾਈਡ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਹੱਤਵਪੂਰਨ ਖੁਫੀਆ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - No Fuel: ਅੱਜ ਤੋਂ ਇਨ੍ਹਾਂ ਵਾਹਨਾਂ 'ਚ ਨਹੀਂ ਪਾਇਆ ਜਾਵੇਗਾ ਪੈਟਰੋਲ, ਲੱਗੇਗਾ 10000 ਰੁਪਏ ਦਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8