ਆਨਲਈਨ ਲੂਡੋ ਖੇਡਦੇ ਹੋਇਆ ਪਿਆਰ, ਭਾਰਤ ਆਈ ਪਾਕਿਸਤਾਨੀ ਕੁੜੀ ਨੂੰ BSF ਨੇ ਭੇਜਿਆ ਵਾਪਸ

Tuesday, Feb 21, 2023 - 04:57 PM (IST)

ਉੱਤਰ ਪ੍ਰਦੇਸ਼- ਆਪਣੇ ਪ੍ਰੇਮੀ ਨੂੰ ਮਿਲਣ ਲਈ ਨੇਪਾਲ ਦੇ ਰਸਤੇ ਭਾਰਤ ਪਹੁੰਚੀ 19 ਸਾਲਾ ਪਾਕਿਸਤਾਨੀ ਕੁੜੀ ਇਕਰਾ ਜਿਵਾਨੀ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਹੈ। ਐਤਵਾਰ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਲਿਆਂਦਾ ਗਿਆ। ਜਿੱਥੇ ਬੀ.ਐੱਸ.ਐੱਫ. ਜਵਾਨਾਂ ਨੇ ਉਸ ਨੂੰ ਪਾਕਿ ਰੇਂਜਰਾਂ ਦੇ ਹਵਾਲੇ ਕਰ ਦਿੱਤਾ। 

ਆਨਲਾਈਨ ਲੂਡੋ ਖੇਡਦੇ ਹੋਇਆ ਪਿਆਰ 

ਇਕਰਾ ਪਾਕਿਸਤਾਨ ਦੇ ਹੈਦਰਾਬਾਦ ਦੀ ਰਹਿਣ ਵਾਲੀ ਹੈ। 19 ਸਾਲ ਦੀ ਇਕਰਾ ਨੂੰ ਲੂਡੋ ਖੇਡਣ ਦਾ ਸ਼ੌਕ ਸੀ। ਆਨਲਾਈਨ ਲੂਡੋ ਖੇਡਦੇ ਹੋਏ ਉਸ ਨੂੰ ਉੱਤਰ ਪ੍ਰਦੇਸ਼ ਦੇ ਮੁਲਾਇਮ ਸਿੰਘ ਨਾਲ ਪਿਆਰ ਹੋ ਗਿਆ। ਪਿਆਰ ਵਧਦਾ ਗਿਆ ਅਤੇ ਇਸ ਦੌਰਾਨ ਇਕਰਾ ਨੇ ਭਾਰਤ 'ਚ ਆਪਣੇ ਪਿਆਰ ਨੂੰ ਮਿਲਣ ਲਈ ਵੀਜ਼ਾ ਲਈ ਅਰਜ਼ੀ ਦਿੱਤੀ। ਹਾਲਾਂਕਿ ਕਿਸੇ ਕਾਰਨ ਵੀਜ਼ਾ ਰੱਦ ਹੋ ਗਿਆ। ਇਸ ਤੋਂ ਬਾਅਦ ਵੀ ਇਕਰਾ ਅਤੇ ਮੁਲਾਇਮ ਨਹੀਂ ਰੁਕੇ।

ਨੇਪਾਲ ਦੇ ਰਸਤੇ ਆਈ ਭਾਰਤ

ਇਕਰਾ 19 ਸਤੰਬਰ 2022 ਨੂੰ ਪਾਕਿਸਤਾਨ ਤੋਂ ਫਲਾਈਟ ਰਾਹੀਂ ਨੇਪਾਲ ਕਾਠਮੰਡੂ ਹਵਾਈ ਅੱਡੇ 'ਤੇ ਪਹੁੰਚੀ। ਮੁਲਾਇਮ ਉਸ ਨੂੰ ਲੈਣ ਪਹੁੰਚਿਆ ਅਤੇ ਉੱਥੇ ਵਿਆਹ ਕਰ ਲਿਆ। ਦੋਵੇਂ ਇਕ ਹਫ਼ਤਾ ਨੇਪਾਲ 'ਚ ਰਹੇ ਅਤੇ ਫਿਰ ਨੇਪਾਲ ਦੀ ਸੋਨਾਲੀ ਸਰਹੱਦ ਪਾਰ ਕਰਕੇ ਭਾਰਤ ਆ ਗਏ। ਇਸ ਤੋਂ ਬਾਅਦ ਉਹ ਬੈਂਗਲੁਰੂ ਦੇ ਬੇਲੰਦੂਰ ਥਾਣਾ ਖੇਤਰ 'ਚ ਇਕ ਲੇਬਰ ਕੁਆਰਟਰ 'ਚ ਰਹਿਣ ਲੱਗੇ। 

ਨਮਾਜ ਪੜ੍ਹਦੇ ਦੇਖ ਗੁਆਂਢੀ ਨੂੰ ਹੋਇਆ ਸ਼ੱਕ

ਫੜੇ ਜਾਣ ਤੋਂ ਬਚਣ ਲਈ ਇਕਰਾ ਨੇ ਆਪਣਾ ਨਾਂ ਬਦਲ ਕੇ ਹਿੰਦੂ ਨਾਂ ਰਵਾ ਯਾਦਵ ਅਪਣਾ ਲਿਆ। ਦੋਵੇਂ ਖੁਸ਼ੀ-ਖੁਸ਼ੀ ਰਹਿ ਰਹੇ ਸਨ। ਫਿਰ ਇਕ ਦਿਨ ਮੁਲਾਇਮ ਦੇ ਗੁਆਂਢੀ ਨੂੰ ਸ਼ੱਕ ਹੋ ਗਿਆ। ਦਰਅਸਲ ਰਵਾ ਆਪਣੇ ਘਰ ਨਮਾਜ਼ ਅਦਾ ਕਰ ਰਹੀ ਸੀ। ਜਿਸ ਤੋਂ ਗੁਆਂਢੀ ਨੂੰ ਹੈਰਾਨੀ ਹੋਈ ਕਿ ਜੇ ਉਹ ਹਿੰਦੂ ਹੈ ਤਾਂ ਘਰ 'ਚ ਨਮਾਜ਼ ਕਿਉਂ ਪੜ੍ਹ ਰਹੀ ਹੈ। ਜਿਸ ਕਾਰਨ ਗੁਆਂਢੀ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਸੂਚਨਾ ਤੋਂ ਬਾਅਦ ਮੁਲਾਇਮ ਦੇ ਫਲੈਟ 'ਤੇ ਛਾਪਾ ਮਾਰਿਆ। ਇੱਥੇ ਪੁਲਸ ਨੂੰ ਇਕਰਾ ਦਾ ਪਾਕਿਸਤਾਨੀ ਪਾਸਪੋਰਟ ਮਿਲਿਆ। ਉਸ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਕੁੜੀ ਨੂੰ ਵਿਦੇਸ਼ੀ ਖੇਤਰੀ ਰਜਿਸਟਰੇਸ਼ਨ ਦਫ਼ਤਰ (ਐੱਫ.ਆਰ.ਆਰ.ਓ.) ਦੇ ਹਵਾਲੇ ਕਰ ਦਿੱਤਾ। ਮੁੰਡੇ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਜਾਅਲੀ ਤਰੀਕੇ ਨਾਲ ਦਸਤਾਵੇਜ਼ ਬਣਵਾ ਕੇ ਸ਼ਹਿਰ 'ਚ ਰਹਿਣ ਦਾ ਮਾਮਲਾ ਦਰਜ ਕੀਤਾ ਸੀ।


DIsha

Content Editor

Related News