ਪਾਕਿਸਤਾਨੀ ਗੋਲੀਬਾਰੀ ਕਾਰਨ ਘਰ ਛੱਡ ਕੇ ਲੋਕ ਹੁਣ ਆ ਸਕਦੇ ਹਨ ਵਾਪਸ : CM ਅਬਦੁੱਲਾ

Monday, May 12, 2025 - 05:50 PM (IST)

ਪਾਕਿਸਤਾਨੀ ਗੋਲੀਬਾਰੀ ਕਾਰਨ ਘਰ ਛੱਡ ਕੇ ਲੋਕ ਹੁਣ ਆ ਸਕਦੇ ਹਨ ਵਾਪਸ : CM ਅਬਦੁੱਲਾ

ਪੁੰਛ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਹਾਲ ਦੀ ਪਾਕਿਸਤਾਨੀ ਗੋਲੀਬਾਰੀ ਨਾਲ ਜੰਗ ਵਰਗੇ ਹਾਲਾਤ ਪੈਦਾ ਹੋਏ ਅਤੇ ਜੋ ਲੋਕ ਆਪਣੇ ਘਰ ਛੱਡ ਗਏ ਸਨ, ਉਹ ਵਾਪਸ ਆ ਸਕਦੇ ਹਨ, ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਹੁਣ ਇਕ ਫ਼ੌਜ ਸਹਿਮਤੀ ਬਣ ਗਈ ਹੈ। ਅਬਦੁੱਲਾ ਨੇ ਪਾਕਿਸਤਾਨੀ ਫ਼ੌਜ ਦੇ ਜਾਰੀ ਗਲਤ ਪ੍ਰਚਾਰ ਨੂੰ ਵੀ ਖਾਰਜ ਕਰਦੇ ਹੋਏ ਕਿਹਾ ਕਿ ਗੁਆਂਢੀ ਦੇਸ਼ ਇਸ ਨੂੰ ਜਾਰੀ ਰੱਖੇਗਾ ਪਰ ਅਸਲੀਅਤ ਦੁਨੀਆ ਨੂੰ ਪਤਾ ਹੈ। ਅਬਦੁੱਲਾ ਨੇ ਕਿਹਾ,''ਉਨ੍ਹਾਂ ਨੂੰ (ਸਰਹੱਦੀ ਵਾਸੀਆਂ ਨੂੰ) ਹੁਣ ਆਪਣੇ ਘਰ ਪਰਤ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੁੰਛ ਸ਼ਹਿਰ ਦਾ 80 ਤੋਂ 90 ਫੀਸਦੀ ਹਿੱਸਾ ਖ਼ਾਲੀ ਹੈ। ਜਦੋਂ ਗੋਲੀਬਾਰੀ ਹੋ ਰਹੀ ਸੀ, ਉਦੋਂ ਉਹ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਸਨ। ਹੁਣ ਗੋਲੀਬਾਰੀ ਬੰਦ ਹੋ ਗਈ ਹੈ ਤਾਂ ਉਹ ਆਪਣੇ ਘਰਾਂ ਨੂੰ ਪਰਤ ਸਕਦੇ ਹਨ।''

ਮੁੱਖ ਮੰਤਰੀ ਅਬਦੁੱਲਾ ਨੇ ਆਪਣੇ ਕੈਬਨਿਟ ਸਹਿਯੋਗੀ ਜਾਵੇਦ ਰਾਣਾ, ਸਲਾਹਕਾਰ ਨਾਸਿਰ ਅਸਲਮ ਵਾਨੀ ਅਤੇ ਵਿਧਾਇਕ ਏਜਾਜ਼ ਜਾਨ ਨਾਲ ਸੋਮਵਾਰ ਨੂੰ ਪੁੰਛ ਅਤੇ ਸੁਰਨਕੋਟ ਖੇਤਰਾਂ 'ਚ ਪਾਕਿਸਤਾਨੀ ਗੋਲੀਬਾਰੀ ਨਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਖੇਤਰ 'ਚ ਬੰਕਰ ਸਥਾਪਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਅਬਦੁੱਲਾ ਦੇ ਨਾਲ ਉਸ ਦੇ ਪੁੱਤਰ ਜ਼ਮੀਰ ਅਤੇ ਜ਼ਹੀਰ ਵੀ ਸਨ। ਅਬਦੁੱਲਾ ਨੇ ਕੰਟਰੋਲ ਰੇਖਾ (ਐੱਲਓਸੀ) ਦੇ ਨਾਲ ਹਾਲੀਆ ਸਥਿਤੀ ਨੂੰ "ਜੰਗ ਵਰਗੀ" ਸਥਿਤੀ ਦੱਸਿਆ, ਜਿਸ 'ਚ ਸਭ ਤੋਂ ਭਾਰੀ ਗੋਲਾਬਾਰੀ ਪੁੰਛ ਜ਼ਿਲ੍ਹੇ 'ਚ ਹੋਈ। ਉਨ੍ਹਾਂ ਕਿਹਾ,"ਪਿਛਲੇ ਤਿੰਨ-ਚਾਰ ਦਿਨਾਂ ਤੋਂ ਜੰਮੂ-ਕਸ਼ਮੀਰ 'ਚ ਜੰਗ ਵਰਗਾ ਮਾਹੌਲ ਸੀ। ਸਰਹੱਦ ਪਾਰ ਤੋਂ ਹੋਈ ਗੋਲੀਬਾਰੀ ਦਾ ਸਾਹਮਣਾ ਕਰਨ ਵਾਲੇ ਸਾਰੇ ਇਲਾਕਿਆਂ 'ਚੋਂ ਪੁੰਛ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।" ਨੈਸ਼ਨਲ ਕਾਨਫਰੰਸ (ਐੱਨਸੀ) ਦੇ ਨੇਤਾ ਅਬਦੁੱਲਾ ਨੇ ਕਿਹਾ ਕਿ ਇਹ ਪਹਿਲੀ ਵਾਰ ਸੀ ਜਦੋਂ ਸ਼ਹਿਰਾਂ ਦੇ ਵਿਚੋ-ਵਿਚ ਗੋਲੇ ਡਿੱਗੇ ਹਨ ਅਤੇ ਭਾਰੀ ਬੰਬਾਰੀ ਹੋਈ ਸੀ।

ਉਨ੍ਹਾਂ ਕਿਹਾ,"ਅਸੀਂ 13 ਕੀਮਤੀ ਜਾਨਾਂ ਗੁਆ ਦਿੱਤੀਆਂ ਹਨ। ਅੱਜ ਇੱਥੇ ਆਉਣ ਦਾ ਮੇਰਾ ਮਕਸਦ ਘੱਟੋ-ਘੱਟ ਉਨ੍ਹਾਂ ਘਰਾਂ ਤੱਕ ਪਹੁੰਚਣਾ ਹੈ ਜਿੱਥੇ ਇਹ ਹਾਦਸਾ ਵਾਪਰਿਆ ਹੈ।" ਅਬਦੁੱਲਾ ਨੇ ਸਥਾਨਕ ਸਿਵਲ ਸੋਸਾਇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਪੁੰਛ ਦੇ ਲੋਕਾਂ ਦੀ ਪ੍ਰਤੀਕੂਲ ਹਾਲਾਤ 'ਚ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ,"ਮੁਸ਼ਕਲ ਹਾਲਾਤ ਦੇ ਬਾਵਜੂਦ, ਉਨ੍ਹਾਂ ਨੇ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ 'ਚ ਏਕਤਾ ਦੀ ਵਿਰਾਸਤ ਨੂੰ ਕਾਇਮ ਰੱਖਿਆ।'' ਗੋਲੀਬਾਰੀ ਦੀ ਅੰਨ੍ਹੇਵਾਹ ਪ੍ਰਕਿਰਤੀ ਬਾਰੇ ਇਕ ਸਵਾਲ ਦੇ ਜਵਾਬ 'ਚ, ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ ਪਰ ਮਦਰੱਸਿਆਂ, ਮੰਦਰਾਂ, ਦਰਗਾਹਾਂ ਅਤੇ ਗੁਰਦੁਆਰਿਆਂ ਦੇ ਆਲੇ ਦੁਆਲੇ ਦੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਨ੍ਹਾਂ ਕਿਹਾ,"ਉਨ੍ਹਾਂ ਦੀ ਗੋਲੀਬਾਰੀ ਬੇਤਰਤੀਬ ਸੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News