ਮੋਦੀ ਦੀ ਪ੍ਰਸਿੱਧੀ ਤੋਂ ਡਰਿਆ ਪਾਕਿ, ਕਰਨ ਲੱਗਾ ਅਜਿਹੇ ਕਾਰੇ
Sunday, Jan 06, 2019 - 06:12 PM (IST)
ਨਵੀਂ ਦਿੱਲੀ (ਬਿਊਰੋ)— ਪਾਕਿਸਤਾਨ ਦੀ ਇਮਰਾਨ ਸਰਕਾਰ ਆਏ ਦਿਨ ਨਵੇਂ-ਨਵੇਂ ਵਿਵਾਦਾਂ ਨੂੰ ਜਨਮ ਦਿੰਦੀ ਰਹਿੰਦੀ ਹੈ। ਭਾਰਤੀ ਪ੍ਰਧਾਨ ਮੰਤਰੀ ਮੋਦੀ ਨੇ ਦੁਨੀਆ ਭਰ ਵਿਚ ਪਾਕਿਸਤਾਨ ਦਾ ਅੱਤਵਾਦੀ ਪੱਖੀ ਚਿਹਰਾ ਨੰਗਾ ਕੀਤਾ ਹੈ। ਇਹੀ ਕਾਰਨ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਦੀ ਪੂਰੀ ਦੁਨੀਆ ਦੇ ਨਾਲ-ਨਾਲ ਪਾਕਿਸਤਾਨ ਦੇ ਅੰਦਰ ਵੀ ਚੰਗੀ ਵਾਹ-ਵਾਹ ਹੋ ਰਹੀ ਹੈ। ਇਸ ਸਭ ਤੋਂ ਡਰੀ ਪਾਕਿਸਤਾਨ ਸਰਕਾਰ ਨੇ ਪਾਕਿ ਅੰਦਰ ਹੀ ਐਂਟੀ ਮੋਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੀ ਤਾਜ਼ਾ ਉਦਾਹਰਨ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਟਵਿੱਟਰ ਹੈਂਡਲਰ 'ਤੇ ਸਾਫ ਵੇਖਣ ਨੂੰ ਮਿਲ ਸਕਦੀ ਹੈ।
ਪੀ.ਟੀ.ਆਈ. ਨੇ ਇਕ ਟਵੀਟ ਜ਼ਰੀਏ ਇਮਰਾਨ ਖਾਨ ਦਾ ਕੱਦ ਮੋਦੀ ਤੋਂ ਉੱਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।5 ਜਨਵਰੀ ਨੂੰ ਕੀਤੇ ਗਏ ਇਸ ਟਵੀਟ ਵਿਚ ਭਾਰਤ ਵਿਚ ਕਥਿਤ ਤੌਰ 'ਤੇ ਗਊ ਹੱਤਿਆ ਦੀਆਂ ਵੱਧਦੀਆਂ ਘਟਨਾਵਾਂ 'ਤੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਗਿਆ ਹੈ। ਜਦਕਿ ਇਮਰਾਨ ਖਾਨ ਨੂੰ ਘੱਟ ਗਿਣਤੀ ਸਮਾਜ ਦਾ ਹਮਦਰਦ ਦੱਸਿਆ ਗਿਆ ਹੈ। ਪਾਰਟੀ ਵਲੋਂ ਕੀਤੇ ਟਵੀਟ ਵਿਚ ਜਿੱਥੇ ਇਮਰਾਨ ਖਾਨ ਵਲੋਂ ਬੀਤੇ ਦਿਨੀਂ ਪੰਜ ਤਖਤ ਹਿੰਦੂ ਮੰਦਰ ਨੂੰ ਕੌਮੀ ਵਿਰਾਸਤ ਐਲਾਨੇ ਜਾਣ ਦਾ ਹਵਾਲਾ ਦਿੱਤਾ ਗਿਆ ਹੈ। ਉੱਥੇ ਹੀ ਭਾਰਤੀ ਪ੍ਰਧਾਨ ਮੰਤਰੀ 'ਤੇ ਘੱਟ ਗਿਣਤੀਆਂ 'ਤੇ ਅਤਿਆਚਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਪਾਰਟੀ ਅੰਦਰ ਅਜਿਹੀ ਬੌਖਲਾਹਟ ਇਹ ਸਾਫ ਜ਼ਾਹਰ ਕਰਦੀ ਹੈ ਕਿ ਪਾਕਿ ਸਰਕਾਰ ਤੇ ਪੀ.ਟੀ.ਆਈ. ਦੇ ਆਗੂ ਕਿਸ ਕਦਰ ਭਾਰਤੀ ਪ੍ਰਧਾਨਮੰਤਰੀ ਤੋਂ ਖੌਫਜਦਾ ਹਨ।
