ਪਾਕਿਸਤਾਨ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵੱਡਾ ਬਿਆਨ

Monday, Sep 30, 2024 - 01:29 PM (IST)

ਸ਼੍ਰੀਨਗਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਗੁਆਂਢੀ ਦੇਸ਼ ਨੇ ਭਾਰਤ ਨਾਲ ਦੋਸਤਾਨਾ ਸਬੰਧ ਬਣਾਏ ਰੱਖੇ ਹੁੰਦੇ ਤਾਂ ਭਾਰਤ ਨੇ ਪਾਕਿਸਤਾਨ ਨੂੰ ਕੌਮਾਂਤਰੀ ਮੁਦਰਾ ਫੰਡ (IMF) ਤੋਂ ਮੰਗੇ ਗਏ ਪੈਕੇਜ ਤੋਂ ਵੀ ਵੱਡਾ ਰਾਹਤ ਪੈਕੇਜ ਦਿੰਦਾ। ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ਼ ਵਿਧਾਨ ਸਭਾ ਖੇਤਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2014-15 'ਚ ਜੰਮੂ-ਕਸ਼ਮੀਰ ਲਈ ਐਲਾਨੇ ਪ੍ਰਧਾਨ ਮੰਤਰੀ ਵਿਕਾਸ ਪੈਕੇਜ ਦਾ ਜ਼ਿਕਰ ਕੀਤਾ। ਰਾਜਨਾਥ ਨੇ ਕਿਹਾ ਕਿ ਮੋਦੀ ਜੀ ਨੇ 2014-15 'ਚ ਜੰਮੂ-ਕਸ਼ਮੀਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਸੀ, ਜੋ ਹੁਣ 90,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਇਹ ਰਾਸ਼ੀ ਪਾਕਿਸਤਾਨ ਵੱਲੋਂ IMF (ਰਾਹਤ ਪੈਕੇਜ ਵਜੋਂ) ਤੋਂ ਮੰਗੀ ਗਈ ਰਕਮ ਤੋਂ ਕਿਤੇ ਵੱਧ ਹੈ। ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਪ੍ਰਸਿੱਧ ਬਿਆਨ ਦਾ ਹਵਾਲਾ ਦਿੱਤਾ ਕਿ "ਅਸੀਂ ਦੋਸਤ ਬਦਲ ਸਕਦੇ ਹਾਂ, ਪਰ ਗੁਆਂਢੀ ਨਹੀਂ ਬਦਲ ਸਕਦੇ"।

ਰਾਜਨਾਥ ਸਿੰਘ ਨੇ ਕਿਹਾ ਕਿ ਮੇਰੇ ਪਾਕਿਸਤਾਨੀ ਦੋਸਤੋ, ਸਾਡੇ ਵਿਚਾਲੇ ਤਣਾਅਪੂਰਨ ਸਬੰਧ ਕਿਉਂ ਹਨ, ਅਸੀਂ ਗੁਆਂਢੀ ਹਾਂ। ਜੇਕਰ ਸਾਡੇ ਵਿਚਾਲੇ ਚੰਗੇ ਰਿਸ਼ਤੇ ਹੁੰਦੇ, ਤਾਂ ਅਸੀਂ IMF ਨਾਲੋਂ ਜ਼ਿਆਦਾ ਧਨ ਦਿੰਦੇ। ਸਿੰਘ ਨੇ ਕਿਹਾ ਕਿ ਕੇਂਦਰ ਜੰਮੂ-ਕਸ਼ਮੀਰ ਨੂੰ ਵਿਕਾਸ ਲਈ ਫੰਡ ਦਿੰਦਾ ਹੈ ਜਦਕਿ ਪਾਕਿਸਤਾਨ ਲੰਬੇ ਸਮੇਂ ਤੋਂ ਵਿੱਤੀ ਸਹਾਇਤਾ ਦੀ ਦੁਰਵਰਤੋਂ ਕਰ ਰਿਹਾ ਹੈ। ਉਹ ਆਪਣੀ ਧਰਤੀ 'ਤੇ ਅੱਤਵਾਦ ਦੀ ਫੈਕਟਰੀ ਚਲਾਉਣ ਲਈ ਦੂਜੇ ਦੇਸ਼ਾਂ ਤੋਂ ਪੈਸੇ ਮੰਗਦਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਖਿਲਾਫ਼ ਅੱਤਵਾਦ ਨੂੰ ਹਥਿਆਰ ਵਜੋਂ ਵਰਤਣ ਵਾਲਾ ਪਾਕਿਸਤਾਨ ਕੌਮਾਂਤਰੀ ਮੰਚਾਂ 'ਤੇ ਅਲੱਗ-ਥਲੱਗ ਹੋ ਗਿਆ ਹੈ ਅਤੇ ਉਸ ਦੇ ਕੁਝ ਭਰੋਸੇਯੋਗ ਸਹਿਯੋਗੀ ਵੀ ਪਿੱਛੇ ਹਟ ਗਏ ਹਨ।

ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਨੇ ਪਾਕਿਸਤਾਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਅੱਤਵਾਦੀ ਕੈਂਪ ਬੰਦ ਕਰ ਦੇਵੇ ਪਰ ਕੋਈ ਫਾਇਦਾ ਨਹੀਂ ਹੋਇਆ। ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨਿਰਾਸ਼ ਹੈ ਅਤੇ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਨਹੀਂ ਚਾਹੁੰਦੇ ਕਿ ਇੱਥੇ ਲੋਕਤੰਤਰ ਦੀਆਂ ਜੜ੍ਹਾਂ ਮਜ਼ਬੂਤ ​​ਹੋਣ। ਭਾਰਤ ਇੰਨਾ ਮਜ਼ਬੂਤ ਹੈ ਕਿ ਉਹ ਆਪਣੀ ਧਰਤੀ 'ਤੇ ਪਾਕਿਸਤਾਨ ਦਾ ਮੁਕਾਬਲਾ ਕਰ ਸਕਦਾ ਹੈ। ਜੇਕਰ ਪਾਕਿਸਤਾਨ ਤੋਂ ਕੋਈ ਭਾਰਤ 'ਤੇ ਹਮਲਾ ਕਰਦਾ ਹੈ, ਤਾਂ ਅਸੀਂ ਸਰਹੱਦ ਪਾਰ ਕਰ ਕੇ ਜਵਾਬ ਦੇ ਸਕਦੇ ਹਾਂ।


Tanu

Content Editor

Related News