ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਦੇ ਫੌਜੀ ਕਰ ਰਹੇ ਹਨ ਸੰਯੁਕਤ ਫੌਜੀ ਅਭਿਆਸ

Saturday, Aug 25, 2018 - 05:02 PM (IST)

ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਦੇ ਫੌਜੀ ਕਰ ਰਹੇ ਹਨ ਸੰਯੁਕਤ ਫੌਜੀ ਅਭਿਆਸ

ਨਵੀਂ ਦਿੱਲੀ/ਇਸਲਾਮਾਬਾਦ— ਬੀਤੇ ਕਈ ਸਾਲਾਂ ਤੋਂ ਸਰਹੱਦ 'ਤੇ ਇਕ-ਦੂਜੇ ਦੇ ਖਿਲਾਫ ਗੋਲੀ ਦਾਗਣ ਵਾਲੇ ਭਾਰਤ ਤੇ ਪਾਕਿਸਤਾਨ ਦੇ ਫੌਜੀ ਰੂਸੀ ਧਰਤੀ 'ਤੇ ਸੰਯੁਕਤ ਫੌਜੀ ਅਭਿਆਸ 'ਚ ਹਿੱਸਾ ਲੈ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਇਕੱਠੇ ਇਕ ਮਿਲਟਰੀ ਅਭਿਆਸ 'ਚ ਹਿੱਸਾ ਲੈ ਰਹੀਆਂ ਹਨ। ਰੂਸ ਦੇ ਸ਼ੰਘਾਈ ਕੋ-ਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੇ ਦਾਇਰੇ 'ਚ ਅਜਿਹਾ ਹੋਵੇਗਾ। ਸ਼ੁੱਕਰਵਾਰ ਨੂੰ ਰੂਸ ਦੇ ਚੇਲਯਾਬਿੰਸਕ ਖੇਤਰ ਦੇ ਚੇਬ੍ਰਾਕੁਲ 'ਚ 'ਸ਼ਾਂਤੀ ਮਿਸ਼ਨ 2018' ਦੇ ਬੈਨਰ ਹੇਠ ਇਹ ਅਭਿਆਸ ਸ਼ੁਰੂ ਹੋਇਆ। ਇਸ 'ਚ ਚੀਨ ਤੇ ਰੂਸ ਸਣੇ ਸ਼ੰਘਾਈ ਕੋ-ਆਪ੍ਰੇਸ਼ਨ ਆਰਗੇਨਾਈਜ਼ੇਸ਼ਨ 'ਚ ਸ਼ਾਮਲ ਸਾਰੇ ਦੇਸ਼ ਹਿੱਸਾ ਲੈ ਰਹੇ ਹਨ।

ਭਾਰਤ ਤੇ ਪਾਕਿਸਤਾਨ ਵੀ ਚੀਨ ਦੇ ਪ੍ਰਭਾਵ ਵਾਲੇ ਇਸ ਸੰਗਠਨ ਦਾ ਹਿੱਸਾ ਹਨ। ਫੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਕਿਹਾ ਕਿ ਇਸ ਅਭਿਆਸ ਨਾਲ ਸ਼ੰਘਾਈ ਕੋ-ਆਪ੍ਰੇਸ਼ਨ ਆਰਗੇਨਾਈਜ਼ੇਸ਼ਨ 'ਚ ਸ਼ਾਮਲ ਦੇਸ਼ਾਂ ਨੂੰ ਅੱਤਵਾਦ ਰੋਕੂ ਆਪ੍ਰੇਸ਼ਨਾਂ ਲਈ ਸਿਖਲਾਈ ਮਿਲ ਰਹੀ ਹੈ। ਇਸ ਸਿਖਲਾਈ ਦੌਰਾਨ ਫੌਜਾਂ ਦੇ ਵਿਚਾਲੇ ਪੇਸ਼ੇਵਰ ਗੱਲਬਾਤ, ਆਪ੍ਰੇਸ਼ਨਸ 'ਚ ਆਪਸੀ ਸਾਂਝੇਦਾਰੀ ਤੇ ਪ੍ਰਕਿਰਿਆ, ਜੁਆਂਇਟ ਕਮਾਂਡ ਦੀ ਸਥਾਪਨਾ ਤੇ ਕੰਟਰੋਲ ਸਟ੍ਰਕਚਰਸ ਤੇ ਅੱਤਵਾਦੀ ਖਤਰਿਆਂ ਨਾਲ ਨਿਪਟਣ ਨੂੰ ਲੈ ਕੇ ਮਾਕ ਡ੍ਰਿਲ ਵਰਗੇ ਅਭਿਆਸ ਹੋਣਗੇ।

ਇਸ ਅਭਿਆਸ 'ਚ ਮੇਜ਼ਬਾਨ ਰੂਸ ਨੇ 1,700 ਫੌਜੀਆਂ ਨੂੰ ਮੈਦਾਨ 'ਚ ਉਤਾਰਿਆ ਹੈ। ਚੀਨ ਨੇ ਆਪਣੇ 700 ਤੇ ਭਾਰਤ ਨੇ 200 ਫੌਜੀ ਇਸ ਅਭਿਆਸ 'ਚ ਭੇਜੇ ਹਨ। ਭਾਰਤ ਵਲੋਂ ਭੇਜੇ ਗਏ ਫੌਜੀਆਂ 'ਚ ਰਾਜਪੂਤ ਰੈਜੀਮੈਂਟ ਅਤੇ ਏਅਰਫੋਰਸ ਦੇ ਜਵਾਨ ਸ਼ਾਮਲ ਹਨ। ਸ਼ੰਘਾਈ ਕੋ-ਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੀ ਸਥਾਪਨਾ 2001 'ਚ ਹੋਈ ਸੀ। ਉਦੋਂ ਚੀਨ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ ਤੇ ਤਜ਼ਾਕਿਸਤਾਨ ਇਸ 'ਚ ਸ਼ਾਮਲ ਸਨ। ਹੁਣ ਇਸ ਸਮੂਹ ਦੇ 8 ਦੇਸ਼ ਪੂਰਨ ਮੈਂਬਰ ਹਨ। ਇਸ 'ਚ ਭਾਰਤ, ਪਾਕਿਸਤਾਨਸ, ਉਜ਼ਬੇਕਿਸਤਾਨ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 4 ਦੇਸ਼ਾਂ ਨੂੰ ਆਬਜ਼ਰਵਰ ਤੇ 6 ਦੇਸ਼ਾਂ ਨੂੰ ਡਾਇਲਾਗ ਪਾਰਟਨਰ ਦਾ ਦਰਜਾ ਦਿੱਤਾ ਗਿਆ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਅਜਿਹੇ ਕਿਸੇ ਵੀ ਬਹੁ-ਪੱਖੀ ਫੌਜੀ ਅਭਿਆਸ 'ਚ ਭਾਰਤੀ ਫੌਜੀਆਂ ਨੇ ਹਿੱਸਾ ਨਹੀਂ ਲਿਆ ਹੈ, ਜਿਸ 'ਚ ਪਾਕਿਸਤਾਨ ਵੀ ਸ਼ਾਮਲ ਹੋਵੇ। ਹਾਲਾਂਕਿ ਯੂ.ਐੱਨ. ਨੇ ਮਿਸ਼ਨਾਂ 'ਚ ਭਾਰਤ ਤੇ ਪਾਕਿਸਤਾਨ ਦੇ ਫੌਜੀ ਇਕੱਠੇ ਕੰਮ ਕਰਦੇ ਰਹੇ ਹਨ।


Related News