ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਕੁਮਾਰ ਨੂੰ ਬਰਖਾਸਤ ਕਰਨ ਦੇ ਹੁਕਮ
Friday, Apr 12, 2024 - 11:56 AM (IST)
ਨਵੀਂ ਦਿੱਲੀ (ਅਨਸ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਿਭਵ ਕੁਮਾਰ ਨੂੰ ਬਰਖਾਸਤ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਦਿੱਲੀ ਦੇ ਵਿਜੀਲੈਂਸ ਵਿਭਾਗ ਦੇ ਸਪੈਸ਼ਲ ਸੈਕ੍ਰੇਟਰੀ ਰਾਜਸ਼ੇਖਰ ਵੱਲੋਂ ਇਹ ਹੁਕਮ ਜਾਰੀ ਹੋਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਵਿਭਵ ਕੁਮਾਰ ’ਤੇ 2007 ’ਚ ਪਬਲਿਕ ਸਰਵੈਂਟ ਨੂੰ ਡਿਊਟੀ ਕਰਨ ਤੋਂ ਰੋਕਣ ਅਤੇ ਧਮਕਾਉਣ ਦੇ ਦੋਸ਼ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਸੀ। ਇਸ ਦਾ ਹਵਾਲਾ ਦਿੰਦੇ ਹੋਏ ਵਿਭਵ ਕੁਮਾਰ ਦੀ ਨਿੱਜੀ ਸਕੱਤਰ ਵਜੋਂ ਨਿਯੁਕਤੀ ਨੂੰ ਗੈਰ-ਕਾਨੂੰਨੀ ਐਲਾਨਿਆ ਗਿਆ ਅਤੇ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਦਾ ਹੁਕਮ ਜਾਰੀ ਕੀਤਾ ਗਿਆ। ਹਾਲਾਂਕਿ ਇਸ ਨੂੰ ਲੈ ਕੇ ਇਹ ਸਵਾਲ ਜ਼ਰੂਰ ਹੈ ਕਿ ਕੀ ਮੁੱਖ ਮੰਤਰੀ ਦੇ ਨਿੱਜੀ ਸਟਾਫ ਨੂੰ ਵਿਜੀਲੈਂਸ ਵਿਭਾਗ ਇੰਝ ਹਟਾ ਸਕਦਾ ਹੈ ਜਾਂ ਨਹੀਂ। ਵਿਭਵ ਕੁਮਾਰ ਦੀ ਬਰਖਾਸਤਗੀ ’ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
2007 ’ਚ ਬਿਭਵ ’ਤੇ ਇਸ ਮਾਮਲੇ ’ਚ ਦਰਜ ਹੋਇਆ ਸੀ ਕੇਸ
ਹੁਕਮ ਮੁਤਾਬਕ 2007 ’ਚ ਮਹੇਸ਼ ਪਾਲ ਨਾਂ ਦੇ ਇਕ ਸਰਕਾਰੀ ਮੁਲਾਜ਼ਮ ਨੇ ਬਿਭਵ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਉਸ ਦੇ ਕੰਮ ਵਿਚ ਰੁਕਾਵਟ ਪਾਈ ਅਤੇ ਉਸ ਦੇ ਨਾਲ ਬਦਸਲੂਕੀ ਕੀਤੀ ਸੀ। ਵਿਜੀਲੈਂਸ ਨੇ ਆਪਣੇ ਹੁਕਮ ਵਿਚ ਕਿਹਾ ਕਿ ਬਿਭਵ ਕੁਮਾਰ ਖਿਲਾਫ ਦੋਸ਼ ਗੰਭੀਰ ਕਿਸਮ ਦੇ ਹਨ।
ਇਹ ਵੀ ਪੜ੍ਹੋ : ਦਿੱਲੀ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਮੰਤਰੀਮੰਡਲ ਤੋਂ ਦਿੱਤਾ ਅਸਤੀਫ਼ਾ, ਛੱਡੀ ਆਮ ਆਦਮੀ ਪਾਰਟੀ
2 ਦਿਨ ਪਹਿਲਾਂ ਹੋਈ ਸੀ ਬਿਭਵ ਤੇ ਦੁਰਗੇਸ਼ ਤੋਂ ਪੁੱਛਗਿੱਛ
2 ਪਹਿਲਾਂ ਹੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ 2021-22 ਨਾਲ ਸਬੰੰਧਤ ਮਨੀ ਲਾਂਡ੍ਰਿੰਗ ਮਾਮਲੇ ’ਚ ਜਾਂਚ ਤੋਂ ਬਾਅਦ ਬਿਭਵ ਕੁਮਾਰ ਤੇ ‘ਆਪ’ ਦੇ ਵਿਧਾਇਕ ਦੁਰਗੇਸ਼ ਪਾਠਕ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਈ. ਡੀ. ਨੇ ਬਿਭਵ ਤੋਂ ਪੁੱਛਗਿੱਛ ਕੀਤੀ ਸੀ ਅਤੇ ਮਨੀ ਲਾਂਡ੍ਰਿੰਗ-ਰੋਕੂ ਐਕਟ ਦੀ ਵਿਵਸਥਾ ਅਧੀਨ ਉਨ੍ਹਾਂ ਦੇ ਬਿਆਨ ਦਰਜ ਕੀਤੇ ਸਨ।
ਬਿਭਵ ’ਤੇ ਇਹ ਵੀ ਦੋਸ਼ ਲੱਗੇ ਹਨ
ਉਨ੍ਹਾਂ ਉੱਪਰ ਇਹ ਦੋਸ਼ ਵੀ ਲੱਗੇ ਹਨ ਕਿ ਉਨ੍ਹਾਂ ਸਤੰਬਰ, 2021 ਤੋਂ ਜੁਲਾਈ, 2022 ਦਰਮਿਆਨ ਕਈ ਵਾਰ ਆਪਣਾ ਮੋਬਾਈਲ ਫੋਨ ਬਦਲਿਆ ਹੈ। ਡੀ. ਓ. ਪੀ. ਟੀ. ਦੇ ਨਿਯਮਾਂ ਤੇ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਬਣਨ ਵੇਲੇ ਸਰਕਾਰ ਨੂੰ ਆਪਣਾ ਪੂਰਾ ਵੇਰਵਾ ਵੀ ਨਹੀਂ ਦਿੱਤਾ ਸੀ। ਬਿਭਵ ਨੇ ਇਸ ਅਪਰਾਧਿਕ ਮਾਮਲੇ ਬਾਰੇ ਨਹੀਂ ਦੱਸਿਆ ਅਤੇ ਇਸ ਨੂੰ ਵਿਜੀਲੈਂਸ ਡਾਇਰੈਕਟੋਰੇਟ ਦੀ ਜਾਂਚ ਵਿਚ ਆਧਾਰ ਬਣਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8