IAS ਅਧਿਕਾਰੀ ਡਾ. ਰਵੀ ਭਗਤ ਨੇ CM ਭਗਵੰਤ ਮਾਨ ਦੇ ਪ੍ਰਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ

Monday, Mar 24, 2025 - 05:15 PM (IST)

IAS ਅਧਿਕਾਰੀ ਡਾ. ਰਵੀ ਭਗਤ ਨੇ CM ਭਗਵੰਤ ਮਾਨ ਦੇ ਪ੍ਰਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ

ਚੰਡੀਗੜ੍ਹ- ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਆਈ. ਏ. ਐੱਸ. ਅਧਿਕਾਰੀ ਡਾ. ਰਵੀ ਭਗਤ ਨੇ ਅੱਜ ਆਪਣੇ ਦਫ਼ਤਰ ਵਿਖੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਮੁੱਖ ਸਕੱਤਰ ਵਜੋਂ ਅਹੁਦਾ ਸੰਭਾਲਿਆ। ਜ਼ਿਕਰਯੋਗ ਹੈ ਕਿ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਡਾ. ਰਵੀ ਭਗਤ ਨੇ ਸੂਬਾ ਸਰਕਾਰ ਵਿੱਚ ਵੱਖ-ਵੱਖ ਅਹੁਦਿਆਂ 'ਤੇ ਸੇਵਾ ਨਿਭਾਈ। ਸਾਲ 2006 ਬੈਚ ਦੇ ਆਈ. ਏ. ਐੱਸ. ਅਧਿਕਾਰੀ ਡਾ. ਰਵੀ ਭਗਤ ਆਮ ਲੋਕਾਂ ਨੂੰ ਨਾਗਰਿਕ-ਕੇਂਦ੍ਰਿਤ ਸੇਵਾਵਾਂ ਦਾ ਲਾਭ ਦੇਣ ਲਈ ਲੀਹੋਂ ਹਟਵੇਂ ਵਿਚਾਰ ਅਮਲ ਵਿੱਚ ਲਿਆਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਹ ਜਨਤਕ ਸੇਵਾਵਾਂ ਪ੍ਰਤੀ ਆਪਣੀ ਸਰਗਰਮ ਅਤੇ ਜਵਾਬਦੇਹ ਪਹੁੰਚ ਲਈ ਜਾਣੇ ਜਾਂਦੇ ਹਨ।

ਇਹ ਵੀ ਪੜ੍ਹੋ :  ਪੰਜਾਬ ਵਿਧਾਨ ਸਭਾ ਸੈਸ਼ਨ 'ਚ ਹੰਗਾਮਾ, ਕਾਂਗਰਸ ਨੇ ਮੁੜ ਕੀਤਾ ਵਾਕਆਊਟ

‘ਐੱਮ. ਐੱਸ. ਪੀ. ਆਫ਼ ਜੀਓਪੌਲੀਟਿਕਸ’ ਵਿੱਚ ਡਾਕਟਰੇਟ ਡਾ. ਰਵੀ ਭਗਤ ਨੇ 2008-2009 ਵਿੱਚ ਸਬ ਡਿਵੀਜ਼ਨਲ ਮੈਜਿਸਟ੍ਰੇਟ ਮਲੋਟ ਵਜੋਂ ਪ੍ਰਸ਼ਾਸਨਿਕ ਸੇਵਾਵਾਂ ਨਿਭਾਉਣ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਫਰੀਦਕੋਟ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਪੰਜਾਬ ਸ਼ਹਿਰੀ ਵਿਕਾਸ ਅਥਾਰਟੀ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ, ਸਕੱਤਰ ਮੰਡੀ ਬੋਰਡ, ਸੀ. ਈ. ਓ. ਈ-ਗਵਰਨੈਂਸ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ, ਸਕੱਤਰ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਵਜੋਂ ਸੇਵਾਵਾਂ ਨਿਭਾਈਆਂ।  ਡਾ. ਰਵੀ ਭਗਤ ਸਾਲ 2021 ਤੋਂ ਹੁਣ ਤੱਕ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਆਪਣੀਆਂ ਸੇਵਾਵਾਂ ਸੁਚਾਰੂ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾ ਰਹੇ ਹਨ। ਇਸ ਅਧਿਕਾਰੀ ਨੂੰ ਸਿਹਤ, ਸਿੱਖਿਆ, ਸਮਾਜਿਕ ਸੁਰੱਖਿਆ ਅਤੇ ਗਵਰਨੈਂਸ ਦੇ ਖੇਤਰਾਂ ਵਿੱਚ ਕਈ ਨਵੀਨਤਮ ਅਤੇ ਨਿਵੇਕਲੀਆਂ ਕਾਢਾਂ ਲਾਗੂ ਕਰਨ ਦਾ ਸਿਹਰਾ ਜਾਂਦਾ ਹੈ।

ਇਹ ਵੀ ਪੜ੍ਹੋ : Punjab: ਪਾਦਰੀ ਬਜਿੰਦਰ ਸਿੰਘ ਨੇ ਔਰਤ ਦੇ ਜੜੇ ਥੱਪੜ! ਵਾਇਰਲ ਹੋਈ ਵੀਡੀਓ ਦੀ ਕੀ ਹੈ ਸੱਚਾਈ

ਡਾ. ਰਵੀ ਭਗਤ ਦੁਆਰਾ ਕੋਵਿਡ-19 ਦੀ ਮਹਾਂਮਾਰੀ ਦੇ ਚੁਣੌਤੀਪੂਰਨ ਸਮੇਂ ਦੌਰਾਨ ਜਨਤਕ ਸੇਵਾਵਾਂ ਨੂੰ ਸੁਚਾਰੂ ਬਣਾ ਕੇ ਲੋਕਾਂ ਦੀ ਸਹੂਲਤ ਲਈ ਕੀਤੀਆਂ ਗਈਆਂ ਵਿਲੱਖਣ ਪਹਿਲਕਦਮੀਆਂ ਦੀ ਸਾਰਿਆਂ ਨੇ ਸ਼ਲਾਘਾ ਕੀਤੀ ਸੀ। ਇਸ ਨੌਜਵਾਨ ਅਧਿਕਾਰੀ ਨੂੰ ਮਾਣਮੱਤੀਆਂ ਸੇਵਾਵਾਂ ਸਦਕਾ ਕਈ ਵੱਕਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰ ਅਤੇ ਸਨਮਾਨ ਵੀ ਹਾਸਲ ਹੋਏ ਹਨ। 

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ: ਵਰਿਆਣਾ 'ਚ ਲੱਗੀ ਭਿਆਨਕ ਅੱਗ, ਆਸਮਾਨ ਤੱਕ ਉੱਡੀਆਂ ਅੱਗ ਦੀਆਂ ਲਪਟਾਂ

ਇਸੇ ਤਰ੍ਹਾਂ ਉਨ੍ਹਾਂ ਦੀ ਅਗਵਾਈ ਹੇਠ ਸਾਲ 2015 ਵਿੱਚ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਇਆ ਗਿਆ ਸੀ ਜਦੋਂ 10,000 ਵਿਦਿਆਰਥੀਆਂ ਨੇ ਨਸ਼ਾ ਵਿਰੋਧੀ ਮੁਹਿੰਮ ਵਿੱਚ ਹਿੱਸਾ ਲਿਆ ਸੀ ਅਤੇ ਸਾਲ 2018 ਵਿੱਚ ਇਕ ਹੋਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਇਆ ਗਿਆ ਸੀ ਜਦੋਂ 82 ਦੇਸ਼-ਭਗਤਾਂ ਨੇ ਸ਼ਾਂਤੀ ਲਈ ਗੀਤ ਗਾਇਆ ਸੀ। ਅੱਜ ਆਪਣੇ ਦਫ਼ਤਰ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਲੋਕ-ਪੱਖੀ ਅਤੇ ਵਿਕਾਸ-ਮੁਖੀ ਨੀਤੀਆਂ ਨੂੰ ਲਾਗੂ ਕਰਨਾ ਉਨ੍ਹਾਂ ਦੀ ਪ੍ਰਮੁੱਖ ਤਰਜੀਹ ਹੋਵੇਗੀ। ਡਾ. ਰਵੀ ਭਗਤ ਨੇ ਕਿਹਾ ਕਿ ਸੂਬਾ ਸਰਕਾਰ ਦੀ ਵਚਨਬੱਧਤਾ ਅਨੁਸਾਰ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਹੋਰ ਮੁੱਖ ਖੇਤਰਾਂ 'ਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਾਗਰਿਕ ਕੇਂਦਰਿਤ ਸੇਵਾਵਾਂ ਦੇ ਲਾਭ ਲੋਕਾਂ ਨੂੰ ਸਮਾਂਬੱਧ ਢੰਗ ਨਾਲ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਗੂੰਜਿਆ ਪੁਲਾਂ ਨੂੰ ਚੌੜ੍ਹਾ ਕਰਨ ਦਾ ਮੁੱਦਾ, ਮੰਤਰੀ ਹਰਭਜਨ ਸਿੰਘ ETO ਨੇ ਦਿੱਤਾ ਜਵਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News