ਪੁੱਡੂਚੇਰੀ ''ਚ ਉਪ-ਰਾਜਪਾਲ ਕਿਰਣ ਬੇਦੀ ਦਾ ਵਿਰੋਧ

Wednesday, Jan 20, 2021 - 01:24 AM (IST)

ਪੁੱਡੂਚੇਰੀ ''ਚ ਉਪ-ਰਾਜਪਾਲ ਕਿਰਣ ਬੇਦੀ ਦਾ ਵਿਰੋਧ

ਪੁੱਡੂਚੇਰੀ - ਪੁੱਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੂੰ ਉਨ੍ਹਾਂ ਦੇ ਕਲਿਆਣ ਮੰਤਰੀ ਐੱਮ. ਕੰਡਾਸਾਮੀ ਨਾਲ ਮਿਲਣ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਉਹ ਮੰਗਲਵਾਰ ਇਥੇ ਧਰਨੇ 'ਤੇ ਬੈਠੇ। ਕੰਡਾਸਾਮੀ ਕੁਝ ਖਾਸ ਪ੍ਰਾਜੈਕਟਾਂ ਨਾਲ ਸਬੰਧਿਤ ਫਾਈਲਾਂ ਨੂੰ ਅੱਗੇ ਨਾ ਵਧਾਉਣ ਨੂੰ ਲੈ ਕੇ ਉਪ-ਰਾਜਪਾਲ ਕਿਰਣ ਬੇਦੀ ਖਿਲਾਫ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠੇ ਹਨ। ਮੁੱਖ ਮੰਤਰੀ ਨਾਰਾਇਣਸਾਮੀ, ਸਿਹਤ ਮੰਤਰੀ ਮੱਲਾਡੀ ਕ੍ਰਿਸ਼ਣ ਰਾਓ ਅਤੇ ਮਾਲੀਆ ਮੰਤਰੀ ਐੱਮ. ਓ. ਐੱਚ. ਐੱਫ. ਸ਼ਾਹਜਹਾਂ ਅਤੇ ਸੰਸਦ ਮੈਂਬਰ ਵੈਥੀਲਿੰਗਮ ਨਾਲ ਕੰਡਾਸਾਮੀ ਨੂੰ ਮਿਲਣ ਜਾ ਰਹੇ ਸਨ, ਉਦੋਂ ਉਨ੍ਹਾਂ ਨੂੰ ਰਾਜ ਨਿਵਾਸ ਬਾਹਰ ਡਿਊਟੀ 'ਤੇ ਤਾਇਨਾਤ ਕੇਂਦਰੀ ਪੁਲਸ ਕਰਮੀਆਂ ਨੇ ਰੋਕ ਦਿੱਤਾ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਉਹ ਸੜਕ ਵਿਚਾਲੇ ਧਰਨੇ 'ਤੇ ਬੈਠ ਗਏ। ਇਨ੍ਹਾਂ ਨੇਤਾਵਾਂ ਨਾਲ ਮੌਜੂਦਾ ਕਾਂਗਰਸ ਦੇ ਵਰਕਰਾਂ ਅਤੇ ਸੁਰੱਖਿਆ ਕਰਮੀਆਂ ਵਿਚਾਲੇ ਬਹਿਸ ਹੋਣ ਲੱਗੀ। ਕੰਡਾਸਾਮੀ ਪਿਛਲੇ 8 ਦਿਨਾਂ ਤੋਂ ਵਿਧਾਨ ਸਭਾ ਕੰਪਲੈਕਸ ਵਿਚ ਧਰਨੇ 'ਤੇ ਬੈਠੇ ਸਨ ਪਰ ਬਾਅਦ ਵਿਚ ਉਹ ਰਾਜ ਨਿਵਾਸ ਸਾਹਮਣੇ ਬੈਠ ਗਏ।

ਬਾਅਦ ਵਿਚ ਨਾਰਾਇਣਸਾਮੀ ਨੂੰ ਕੰਡਾਸਾਮੀ ਨਾਲ ਮੁਲਾਕਾਤ ਕਰਨ ਦਿੱਤੀ ਗਈ। ਉਨ੍ਹਾਂ ਨੇ ਕੰਡਾਸਾਮੀ ਨਾਲ ਮੁਲਾਕਾਤ ਕਰ ਉਨ੍ਹਾਂ ਦੇ ਅਣਮਿੱਥੇ ਧਰਨੇ ਨੂੰ ਖਤਮ ਕਰਾ ਦਿੱਤਾ। ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਕੰਡਾਸਾਮੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਇਸ ਲਈ ਉਨ੍ਹਾਂ ਨੂੰ ਧਰਨੇ ਦਾ ਸਹਾਰਾ ਲੈਣਾ ਪਿਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਸਲ ਵਿਚ ਉਹ ਕੰਡਾਸਾਮੀ ਨੂੰ ਵਾਪਸ ਬੁਲਾਉਣ ਆਏ ਸਨ ਕਿਉਂਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਪੁੱਡੂਚੇਰੀ ਵਿਚ ਹੋਣ ਵਾਲੀਆਂ ਘਟਨਾਵਾਂ ਤੋਂ ਜਾਣੂ ਕਰਾਉਣ ਲਈ ਉਨ੍ਹਾਂ ਤੋਂ 21 ਜਾਂ 22 ਜਨਵਰੀ ਨੂੰ ਮੁਲਾਕਾਤ ਦੀ ਮੰਗ ਕੀਤੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News