ਹਾਰ ਤੋਂ ਬਚਣ ਲਈ DSGMC ਦੀਆਂ ਚੋਣਾਂ ''ਚ ਅੜਿੱਕਾ ਪਾ ਰਹੀਆਂ ਵਿਰੋਧੀ ਪਾਰਟੀਆਂ : ਸਰਨਾ
Thursday, Jul 08, 2021 - 06:43 PM (IST)
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੀ ਤਾਰੀਖ ਨੂੰ ਲੈ ਕੇ ਸ਼ੰਕਾ ਜਾਰੀ ਹੈ। ਸੂਤਰਾਂ ਮੁਤਾਬਕ, ਡੀ.ਐੱਸ.ਜੀ.ਐੱਮ.ਸੀ. (ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ) ਦੀਆਂ ਚੋਣਾਂ ਮੁਡ਼ ਟਲ ਸਕਦੀਆਂ ਹਨ, ਜਿਸ ਨੂੰ ਲੈ ਕੇ ਪ੍ਰਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ, ਸਰਨਾ ਨੇ ਸਖਤ ਇਤਰਾਜ਼ ਜਤਾਇਆ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਦੱਸਿਆ ਕਿ ਸੱਤਾਧਾਰੀ ਬਾਦਲ ਅਤੇ ਉਨ੍ਹਾਂ ਦੇ ਕੁਝ ਸਹਿਯੋਗੀਆਂ ਨੂੰ ਇਸ ਵਾਰ ਚੋਣਾਂ 'ਚ ਆਪਣੀ ਹਾਰ ਨਜ਼ਰ ਆ ਰਹੀ ਹੈ। ਇਸ ਤੋਂ ਬਚਣ ਲਈ ਉਨ੍ਹਾਂ ਨੇ ਚੋਣਾਂ 'ਚ ਅਡ਼ਿੱਕਾ ਪਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਦਿੱਤਾ ਹੈ। ਬਾਦਲ ਦਲ ਨੂੰ ਵੀ ਹੁਣ ਇਹ ਅਹਿਸਾਸ ਹੋਣ ਲੱਗਾ ਹੈ ਕਿ ਉਨ੍ਹਾਂ ਦੇ ਹੁਣ ਬਸ ਗਿਣੇ-ਚੁਣੇ ਦਿਨ ਰਹਿ ਗਏ ਹਨ।
ਸਾਨੂੰ ਆਪਣੇ ਸੂਤਰਾਂ ਤੋਂ ਖਬਰ ਮਿਲੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਚਹੇਤੇ ਅਤੇ ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਆਪਣੇ ਕਰਵਾਏ ਇੰਟਰਨੈੱਟ ਸਰਵੇ 'ਚ ਖਸਤਾ ਹਾਲਤ ਦੀ ਰਿਪੋਰਟ ਮਿਲੀ ਹੈ ਜਿਸ ਕਾਰਨ ਬਾਦਲ ਆਪਣੀਆਂ ਕੁਝ ਵਿਰੋਧੀ ਪਾਰਟੀਆਂ ਨਾਲ ਮਿਲ ਕੇ ਦਿੱਲੀ ਸਰਕਾਰ 'ਤੇ ਲਗਾਤਾਰ ਦਬਾਅ ਬਣਾ ਰਹੇ ਹਨ, ਜਿਸ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਸੰਪਨ ਨਾ ਹੋਣ। ਇਹ ਸਿੱਖਾਂ ਦੇ ਲੋਕਤਾਂਤਰਿਕ ਅਤੇ ਪਵਿੱਤਰ ਧਾਰਮਿਕ ਹੱਕਾਂ 'ਤੇ ਵਾਰ ਹੈ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਸਰਨਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਰਾਹੀਂ ਅਪੀਲ ਕੀਤੀ ਕਿ ਉਹ ਗੁਰਦੁਆਰਿਆਂ ਦੀ ਧਾਰਮਿਕ-ਲੋਕਤਾਂਤਰਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਅੱਗੇ ਵਧਾਉਣ 'ਚ ਸਹਿਯੋਗ ਕਰਨ। ਸਰਨਾ ਨੇ ਚਿੱਠੀ 'ਚ ਲਿਖਿਆ ਕਿ ਮੁੱਖ ਮੰਤਰੀ ਜੀ ਇਸ ਗੱਲ ਨੂੰ ਸਮਝੋ ਕਿ ਮੌਜੂਦਾ ਸੱਤਾਧਾਰੀ ਬਾਦਲ ਘੋਰ ਭ੍ਰਿਸ਼ਟਾਚਾਰੀ ਪਾਏ ਗਏ ਹਨ। ਬਾਦਲਾਂ ਦੇ ਉਪਰ ਕਾਨੂੰਨ ਤਹਿਤ ਗੰਭੀਰ ਕੇਸ ਚੱਲ ਰਹੇ ਹਨ। ਡੀ.ਐੱਸ.ਜੀ.ਐੱਮ.ਸੀ. ਦੀ ਆਰਥਿਕ ਅਤੇ ਪ੍ਰਬੰਧ ਵਿਵਸਥਾ ਆਪਣੇ ਆਖਰੀ ਸਾਹ ਗਿਣ ਰਹੀ ਹੈ। ਅਜਿਹੇ ਹਲਾਤਾਂ 'ਚ ਚੋਣਾਂ ਰੋਕਣ ਦਾ ਅਰਥ ਨਹੀਂ ਹੈ। ਦਿੱਲੀ 'ਚ ਮੁੱਖ ਚੀਜ਼ਾਂ ਖੁੱਲ੍ਹ ਚੁੱਕੀਆਂ ਹਨ ਅਤੇ ਸੁਚਾਰੂ ਰੂਪ ਨਾਲ ਚੱਲ ਰਹੀਆਂ ਹਨ ਤੇ ਕੋਵਿਡ 'ਤੇ ਵੀ ਕਾਫੀ ਹੱਦ ਤਕ ਕਾਬੂ ਪਾਇਆ ਜਾ ਚੁੱਕਾ ਹੈ। ਅਜਿਹੇ ਸਮੇਂ 'ਚ ਚੰਗੇ ਪ੍ਰਬੰਧਾਂ ਨਾਲ ਚੋਣਾਂ ਸੰਪਨ ਹੋ ਸਕਦੀਆਂ ਹਨ।