ਮਣੀਪੁਰ ਮੁੱਦੇ ''ਤੇ ਰਾਸ਼ਟਰਪਤੀ ਨੂੰ ਮਿਲੇ ਵਿਰੋਧੀ ਧਿਰ ਦੇ ਨੇਤਾ, ਖੜਗੇ ਬੋਲੇ- ਅਸੀਂ ਸੰਸਦ ''ਚ ਚਰਚਾ ਚਾਹੁੰਦੇ ਹਾਂ
Wednesday, Aug 02, 2023 - 02:08 PM (IST)

ਨਵੀਂ ਦਿੱਲੀ- ਵਿਰੋਧੀ ਧਿਰ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਦੇ ਨੇਤਾਵਾਂ ਦੇ ਇਕ ਵਫਦ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮਣੀਪੁਰ ਮੁੱਦੇ 'ਤੇ ਦਖ਼ਲ ਦੇਣ ਦੀ ਅਪੀਲ ਕੀਤੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਵਲੋਂ ਰਾਸ਼ਟਰਪਤੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਸੀ। ਖੜਗੇ ਨੇ ਕਿਹਾ ਕਿ ਹਰਿਆਣਾ 'ਚ ਹੋਏ ਦੰਗਿਆਂ ਬਾਰੇ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਮਣੀਪੁਰ 'ਚ ਸ਼ਾਂਤੀ ਬਹਾਲੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਮਣੀਪੁਰ ਫੇਰੀ ਦੇ ਨਾਲ-ਨਾਲ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।
ਅਸੀਂ ਸੰਸਦ 'ਚ ਚਰਚਾ ਚਾਹੁੰਦੇ ਹਾਂ: ਖੜਗੇ
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪ ਦਿੱਤਾ ਹੈ। ਉਨ੍ਹਾਂ ਨੂੰ ਉਥੇ ਵਾਪਰ ਰਹੀਆਂ ਘਟਨਾਵਾਂ ਖਾਸ ਕਰਕੇ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਤੋਂ ਜਾਣੂ ਕਰਵਾਇਆ। ਅਸੀਂ ਇਸ ਮੁੱਦੇ 'ਤੇ ਰਾਸ਼ਟਰਪਤੀ ਦਾ ਧਿਆਨ ਖਿੱਚਣ ਲਈ ਉਨ੍ਹਾਂ ਮਿਲੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਲੋਕ ਸਭਾ ਵਿਚ ਆਪਣੀ ਗੱਲ ਰੱਖਦਿਆਂ ਥੱਕ ਗਏ ਤਾਂ ਬੇਭਰੋਸਗੀ ਮਤਾ ਲਿਆਉਣਾ ਪਿਆ। ਇਸ ਬਾਰੇ ਕੱਲ੍ਹ ਹੀ ਚਰਚਾ ਹੋਣੀ ਚਾਹੀਦੀ ਸੀ। ਸਰਕਾਰ ਦਾ ਇਕ ਹੀ ਉਦੇਸ਼ ਹੈ - ਜਵਾਬ ਨਾ ਦੇਣਾ ਅਤੇ ਚੀਜ਼ਾਂ ਤੋਂ ਭੱਜਣਾ। ਖੜਗੇ ਮੁਤਾਬਕ ਵਿਰੋਧੀ ਧਿਰ ਰਾਜ ਸਭਾ 'ਚ ਨਿਯਮ 267 ਤਹਿਤ ਚਰਚਾ ਚਾਹੁੰਦੀ ਹੈ ਪਰ ਸਰਕਾਰ ਨਹੀਂ ਸੁਣ ਰਹੀ।
ਦਿੱਲੀ ਦੇ ਨਾਲ ਲੱਗਦੇ ਸੂਬੇ ਵਿੱਚ ਦੰਗੇ ਹੋ ਰਹੇ ਹਨ ਪਰ ਕੋਈ ਧਿਆਨ ਨਹੀਂ ਦਿੰਦਾ
ਖੜਗੇ ਨੇ ਕਿਹਾ ਕਿ ਦਿੱਲੀ ਦੇ ਨਾਲ ਲੱਗਦੇ ਸੂਬੇ 'ਚ ਦੰਗੇ ਹੋ ਰਹੇ ਹਨ ਪਰ ਕੋਈ ਧਿਆਨ ਨਹੀਂ ਦਿੰਦਾ। ਅਸੀਂ ਇਹ ਸਾਰੀਆਂ ਗੱਲਾਂ ਰਾਸ਼ਟਰਪਤੀ ਨੂੰ ਦੱਸੀਆਂ ਹਨ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਇਕ ਵਫ਼ਦ ਨੇ ਵੀ ਰਾਸ਼ਟਰਪਤੀ ਮੁਰਮੂ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ ਜਿਸ ਵਿਚ ਮਣੀਪੁਰ ਦੀ ਸਥਿਤੀ ਦਾ ਵੇਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਗਈ ਹੈ। ਵਿਰੋਧੀ ਪਾਰਟੀਆਂ ਦੇ ਗਠਜੋੜ 'ਇੰਡੀਆ' ਦੇ ਕੁਝ ਸੰਸਦ ਮੈਂਬਰਾਂ ਨੇ 29-30 ਜੁਲਾਈ ਨੂੰ ਮਣੀਪੁਰ ਦਾ ਦੌਰਾ ਕੀਤਾ। ਦਰਅਸਲ ਵਿਰੋਧੀ ਧਿਰ ਮਣੀਪੁਰ ਹਿੰਸਾ 'ਤੇ ਸੰਸਦ 'ਚ ਨਿਯਮ 267 ਦੇ ਤਹਿਤ ਚਰਚਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਿਆਨ ਦੀ ਮੰਗ ਕਰ ਰਹੀ ਹੈ, ਜਦਕਿ ਸੱਤਾਧਾਰੀ ਗਠਜੋੜ ਚਾਹੁੰਦਾ ਹੈ ਕਿ ਮਣੀਪੁਰ 'ਤੇ ਛੋਟੀ ਚਰਚਾ ਦਾ ਜਵਾਬ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦਿੱਤਾ ਜਾਵੇ।