CAA ''ਤੇ ਲੋਕਾਂ ਨੂੰ ਉਕਸਾ ਕੇ ਦੰਗਾ ਕਰਵਾ ਰਹੀ ਵਿਰੋਧੀ ਧਿਰ : ਸ਼ਾਹ
Saturday, Feb 29, 2020 - 12:54 AM (IST)
ਭੁਵਨੇਸ਼ਵਰ— ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਸਮਰਥਨ 'ਚ ਸ਼ੁੱਕਰਵਾਰ ਨੂੰ ਇਥੇ ਆਯੋਜਿਤ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਨਾਗਰਿਕਤਾ ਕਾਨੂੰਨ 'ਤੇ ਲੋਕਾਂ ਨੂੰ ਉਕਸਾ ਕੇ ਦੰਗੇ ਕਰਵਾ ਰਹੀ ਹੈ। ਸ਼ਾਹ ਨੇ ਕਿਹਾ ਕਿ ਲੋਕਾਂ ਨੂੰ ਬਾਹਰ ਆਉਣਾ ਚਾਹੀਦਾ ਹੈ ਅਤੇ ਜੋ ਲੋਕ ਪ੍ਰੇਸ਼ਾਨੀ ਪੈਦਾ ਕਰ ਰਹੇ ਹਨ, ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਕਿਹੜਾ ਐਕਟ ਲੋਕਾਂ ਦੀ ਨਾਗਰਿਕਤਾ ਖੋਹਣ ਦੀ ਗੱਲ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਸੀ. ਏ. ਏ. ਨੂੰ ਲੈ ਕੇ ਅਫਵਾਹਾਂ ਫੈਲਾ ਰਹੇ ਹਨ ਕਿ ਇਸ ਨਾਲ ਮੁਸਲਮਾਨਾਂ ਦੀ ਨਾਗਰਿਕਤਾ ਚਲੀ ਜਾਵੇਗੀ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਇਸ ਕਾਨੂੰਨ ਨਾਲ ਕਿਸੇ ਭਾਰਤੀ ਮੁਸਲਮਾਨ ਦੀ ਨਾਗਰਿਕਤਾ ਨਹੀਂ ਜਾਵੇਗੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਪੂਰਬੀ ਭਾਰਤ ਦੇ ਵਿਕਾਸ ਦੇ ਦਰਵਾਜ਼ੇ ਖੋਲ੍ਹੇ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਿਛਲੇ 55 ਸਾਲ 'ਚ ਜੋ ਕਰਨ 'ਚ ਅਸਫਲ ਰਹੀ, ਨੂੰ ਅਸੀਂ 5 ਸਾਲ 'ਚ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਆਪਣੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਇਕ ਬਹੁਤ ਵੱਡੀ ਯੋਜਨਾ ਲਿਆਏ ਹਨ, ਜਿਸ ਦੇ ਤਹਿਤ 2024 ਤੱਕ ਦੇਸ਼ ਦੇ ਹਰ ਘਰ 'ਚ ਸਵੱਛ ਪੀਣ ਦਾ ਪਾਣੀ ਪਹੁੰਚਣਾ ਹੈ।