Oppo ਨੇ ਵਧਾਈਆਂ BYJU''s ਦੀਆਂ ਮੁਸ਼ਕਿਲਾਂ, ਠੋਕਿਆ 13 ਕਰੋੜ ਰੁਪਏ ਦਾ ਦਾਅਵਾ

06/29/2024 2:45:58 AM

ਨਵੀਂ ਦਿੱਲੀ- ਐਡਟੈੱਕ ​​ਸਟਾਰਟਅਪ ਕੰਪਨੀ ਬਾਇਜੂ ਦੀਆਂ ਮੁਸ਼ਕਲਾਂ ਖਤਮ ਹੋਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ। ਹੁਣ ਉਸ ’ਤੇ ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਓਪੋ ਨੇ ਵੀ ਬਕਾਏ ਦਾ ਦਾਅਵਾ ਠੋਕਿਆ ਹੈ। ਓਪੋ ਨੇ ਐੱਨ. ਸੀ. ਐੱਲ. ਟੀ. ਨੂੰ ਦੱਸਿਆ ਕਿ ਬਾਈਜੂ ’ਤੇ ਉਸ ਦੇ 13 ਕਰੋੜ ਰੁਪਏ ਬਕਾਇਆ ਹਨ।

ਓਪੋ ਨੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਦੀ ਬੈਂਗਲੁਰੂ ਬੈਂਚ ਦੇ ਸਾਹਮਣੇ ਬਕਾਏ ਦਾ ਇਹ ਦਾਅਵਾ ਕੀਤਾ ਹੈ। ਓਪੋ ਦਾ ਕਹਿਣਾ ਹੈ ਕਿ ਬਾਇਜੂ ਨੇ ਉਸ ਦੇ ਸਮਾਰਟ ਫੋਨ ’ਤੇ ਆਪਣੀ ਐਪ ਨੂੰ ਪ੍ਰੀ-ਇੰਸਟਾਲ ਕਰਨ ਦਾ ਕੰਮ ਦਿੱਤਾ ਸੀ। ਇਸੇ ਕੰਮ ਦੇ ਬਦਲੇ ਬਾਇਜੂ ’ਤੇ 13 ਕਰੋੜ ਰੁਪਏ ਬਕਾਇਆ ਹਨ, ਜੋ ਕਿ ਐਡਟੈੱਕ ਕੰਪਨੀ ਨੇ ਅਦਾ ਨਹੀਂ ਕੀਤੇ ਹਨ।

ਇਨਸਾਲਵੈਂਸੀ ਤੋਂ ਰਿਕਵਰੀ ਦੀ ਮੰਗ

ਓਪੋ ਨੇ ਬਕਾਇਆ ਦਾ ਦਾਅਵਾ ਕਰਦੇ ਹੋਏ ਰਿਕਵਰੀ ਲਈ ਬਾਇਜੂ ਖਿਲਾਫ ਇਨਸਾਲਵੈਂਸੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਬਾਇਜੂ ਨੇ ਬਕਾਏ ਦੀ ਗੱਲ ਮੰਨ ਲਈ ਹੈ। ਅਜਿਹੇ ’ਚ ਬਕਾਏ ਦੀ ਵਸੂਲੀ ਲਈ ਉਸ ਨੂੰ ਇਨਸਾਲਵੈਂਸੀ ਅਧੀਨ ਲਿਆਉਣ ਦਾ ਸਾਫ ਮਾਮਲਾ ਬਣਦਾ ਹੈ। ਸਮਾਰਟ ਫੋਨ ਕੰਪਨੀ ਨੇ ਬਾਇਜੂ ’ਤੇ ਕਈ ਹੋਰ ਗੰਭੀਰ ਦੋਸ਼ ਵੀ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਬਾਇਜੂ ਦੇ ਪ੍ਰਮੋਟਰ ਭਗੌੜੇ ਹੋ ਗਏ ਹਨ ਅਤੇ ਹੁਣ ਭਾਰਤ ’ਚ ਨਹੀਂ ਰਹਿੰਦੇ। ਦੂਜੇ ਪਾਸੇ ਬਾਇਜੂ ਦੇ ਵਕੀਲ ਨੇ ਭਗੌੜੇ ਸ਼ਬਦ ਦੀ ਵਰਤੋਂ ’ਤੇ ਇਤਰਾਜ਼ ਜਤਾਇਆ ਹੈ।

ਅਗਲੇ ਮਹੀਨੇ 10 ਪਟੀਸ਼ਨਾਂ ’ਤੇ ਸੁਣਵਾਈ

ਬਾਇਜੂ ਪਹਿਲਾਂ ਤੋਂ ਹੀ ਕਰਜ਼ੇ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਸ ਦੇ ਵਿਰੁੱਧ ਐੱਨ. ਸੀ. ਐੱਲ. ਟੀ. ’ਚ ਕਈ ਮਾਮਲੇ ਚੱਲ ਰਹੇ ਹਨ। ਐੱਨ. ਸੀ. ਐੱਲ. ਟੀ. ਦੀ ਬੈਂਗਲੁਰੂ ਬੈਂਚ ਅਗਲੇ ਮਹੀਨੇ ਦੇ ਸ਼ੁਰੂ ’ਚ ਇਕ ਹੀ ਦਿਨ ’ਚ ਬਾਇਜੂ ਨਾਲ ਜੁੜੀਆਂ ਘੱਟੋ-ਘੱਟ 10 ਪਟੀਸ਼ਨਾਂ ’ਤੇ ਸੁਣਵਾਈ ਕਰਨ ਵਾਲੀ ਹੈ। ਕੰਪਨੀ ’ਤੇ ਫੰਡ ਦਾ ਇਸਤੇਮਾਲ ਕਰਨ ਜਾਂ ਸ਼ੇਅਰਾਂ ਨੂੰ ਵੇਚਣ ਤੇ ਟ੍ਰਾਂਸਫਰ ਕਰਨ ’ਤੇ ਰੋਕ ਲੱਗੀ ਹੋਈ ਹੈ।


Rakesh

Content Editor

Related News