‘ਆਪਰੇਸ਼ਨ ਮਿਲਾਪ’: ਦਿੱਲੀ ਪੁਲਸ ਨੇ ਇਕ ਹਫ਼ਤੇ ’ਚ 9 ਬੱਚਿਆਂ ਨੂੰ ਮਾਪਿਆਂ ਨਾਲ ਮਿਲਵਾਇਆ
Tuesday, Dec 14, 2021 - 06:09 PM (IST)
ਨਵੀਂ ਦਿੱਲੀ (ਭਾਸ਼ਾ)— ਦਿੱਲੀ ਪੁਲਸ ਨੇ ‘ਆਪਰੇਸ਼ਨ ਮਿਲਾਪ’ ਤਹਿਤ ਪਿਛਲੇ ਇਕ ਹਫ਼ਤੇ ਵਿਚ ਵੱਖ-ਵੱਖ ਸੂਬਿਆਂ ਦੇ 9 ਬੱਚਿਆਂ ਨੂੰ ਮੁਕਤ ਕਰਵਾ ਕੇ ਉਨ੍ਹਾਂ ਦੇ ਮਾਪਿਆਂ ਨਾਲ ਮਿਲਵਾ ਦਿੱਤਾ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਪਿਛਲੇ 10 ਦਿਨਾਂ ’ਚ ਪਹਾੜਗੰਜ ਵਿਚ ‘ਆਪਣਾ ਘਰ ਆਸ਼ਰਮ’, ਜਹਾਂਗੀਰਪੁਰੀ ’ਚ ‘ਪ੍ਰਯਾਸ ਬਾਲ ਗ੍ਰਹਿ’ ਅਤੇ ਝੰਡੇਵਾਲਾਨ ’ਚ ‘ਕਾਤਯਾਯਨੀ ਬਾਲਿਕਾ ਆਸ਼ਰਮ’ ਦਾ ਦੌਰਾ ਕੀਤਾ। ਉਨ੍ਹਾਂ ਨੇ ਲਾਪਤਾ ਜਾਂ ਅਗਵਾ ਹੋਏ ਬੱਚਿਆਂ ਦੇ ਉਪਲੱਬਧ ਪੁਲਸ ਵੇਰਵੇ ਨਾਲ ਬੱਚਿਆਂ ਦੇ ਰਿਕਾਰਡ ਦਾ ਮਿਲਾਨ ਕੀਤਾ, ਜਾਣਕਾਰੀ ਸਾਂਝੀ ਕੀਤੀ ਅਤੇ ਉੱਥੇ ਰਹਿਣ ਵਾਲੇ ਬੱਚਿਆਂ ਨਾਲ ਗੱਲ ਵੀ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਅਜਿਹੀ ਹੀ ਇਕ ਗੱਲਬਾਤ ਦੌਰਾਨ 13 ਸਾਲ ਦਾ ਬੱਚਾ ਘਬਰਾਇਆ ਹੋਇਆ ਨਜ਼ਰ ਆਇਆ। ਉਸ ਨੇ ਆਪਣੀ ਮਾਂ ਦਾ ਨਾਂ ਅਤੇ ਮੋਬਾਇਲ ਨੰਬਰ ਦੱਸਿਆ। ਪੁਲਸ ਨੇ ਮਹਿਲਾ ਨਾਲ ਸੰਪਰਕ ਕੀਤਾ, ਜਿਸ ਨੇ ਵੇਰਵੇ ਦੇ ਆਧਾਰ ’ਤੇ ਆਪਣੇ ਪੁੱਤਰ ਦੀ ਪਛਾਣ ਕੀਤੀ ਅਤੇ ਆਪਣੇ ਭਰਾ ਨਾਲ ਬਿਹਾਰ ਦੇ ਬਕਸਰ ਤੋਂ ਉੱਤਰੀ-ਪੱਛਮੀ ਜ਼ਿਲ੍ਹੇ ਦੇ ਮਨੁੱਖੀ ਤਸਕਰੀ ਵਿਰੋਧੀ ਇਕਾਈ (ਏ. ਐੱਚ. ਟੀ. ਯੂ.) ਦਫ਼ਤਰ ਪਹੁੰਚੀ।
ਓਧਰ ਪੁਲਸ ਡਿਪਟੀ ਕਮਿਸ਼ਨਰ (ਉੱਤਰੀ-ਪੱਛਮੀ) ਊਸ਼ਾ ਰੰਗਨਾਨੀ ਨੇ ਕਿਹਾ ਕਿ ਬੱਚਿਆਂ ਨਾਲ ਇਕ ਐੱਨ. ਜੀ. ਓ. ਦੀ ਮਦਦ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਦੌਰਾਨ ਕੁਝ ਮੁੰਡਿਆਂ ਨੇ ਆਪਣੀ ਰਿਹਾਇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਪ੍ਰਕਿਰਿਆ ਤਹਿਤ ‘ਆਪਣਾ ਘਰ ਆਸ਼ਰਮ’ ਦੇ 11 ਤੋਂ 17 ਸਾਲ ਦੀ ਉਮਰ ਦੇ 6 ਬੱਚਿਆਂ ਨੂੰ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ ਅਤੇ ਬਿਹਾਰ ’ਚ ਉਨ੍ਹਾਂ ਦੇ ਮਾਪਿਆਂ ਨਾਲ ਫਿਰ ਤੋਂ ਮਿਲਵਾ ਦਿੱਤਾ ਗਿਆ। ‘ਕਾਤਯਾਯਨੀ ਬਾਲਿਕਾ ਆਸ਼ਰਮ’ ਦੀ ਇਕ 13 ਸਾਲਾ ਬੱਚੀ ਨੂੰ ਦਿੱਲੀ ਵਿਚ ਉਸ ਦੇ ਮਾਪਿਆਂ ਨਾਲ ਮਿਲਵਾਇਆ ਗਿਆ। ਪੁਲਸ ਨੇ ਕਿਹਾ ਕਿ ‘ਪ੍ਰਯਾਸ ਬਾਲ ਗ੍ਰਹਿ’ ਦੇ 2 ਨਾਬਾਲਗਾਂ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ’ਚ ਉਨ੍ਹਾਂ ਦੇ ਮਾਤਾ-ਪਿਤਾ ਨਾਲ ਮੁੜ ਤੋਂ ਮਿਲਵਾ ਦਿੱਤਾ ਗਿਆ।