ਡੀਟੀਸੀ ਬੱਸ ਮੈਟਰੋ ਦੇ ਖੰਭੇ ਨਾਲ ਟਕਰਾਈ, ਇੱਕ ਦੀ ਮੌਤ, 34 ਹੋਰ ਜ਼ਖ਼ਮੀ
Tuesday, Jul 23, 2024 - 12:27 AM (IST)
ਨਵੀਂ ਦਿੱਲੀ : ਪੱਛਮੀ ਦਿੱਲੀ ਦੇ ਸ਼ਿਵਾਜੀ ਪਾਰਕ ਮੈਟਰੋ ਸਟੇਸ਼ਨ ਨੇੜੇ ਸੋਮਵਾਰ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੀ ਬੱਸ ਦੇ ਖੰਭੇ ਨਾਲ ਟਕਰਾ ਜਾਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਅਤੇ 34 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੰਜਾਬੀ ਬਾਗ ਥਾਣਾ ਪੁਲਸ ਨੂੰ ਸਵੇਰੇ 7.42 ਵਜੇ ਹਾਦਸੇ ਦੀ ਸੂਚਨਾ ਮਿਲੀ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ) ਵਿਚਿਤਰ ਵੀਰ ਨੇ ਦੱਸਿਆ ਕਿ ਮੰਗੋਲਪੁਰੀ ਅਤੇ ਆਨੰਦ ਵਿਹਾਰ ਵਿਚਕਾਰ ਚੱਲ ਰਹੀ ਡੀਟੀਸੀ ਇਲੈਕਟ੍ਰਿਕ ਬੱਸ ਮੈਟਰੋ ਦੇ ਖੰਭੇ ਨਾਲ ਟਕਰਾ ਗਈ। ਉਸ ਨੇ ਦੱਸਿਆ ਕਿ ਬੱਸ ਦੇ ਅਚਾਨਕ ਬ੍ਰੇਕ ਲੱਗਣ ਕਾਰਨ ਪਿੱਛੇ ਤੋਂ ਆਟੋ ਰਿਕਸ਼ਾ ਵੀ ਉਸ ਨਾਲ ਟਕਰਾ ਗਿਆ। ਉਨ੍ਹਾਂ ਕਿਹਾ ਕਿ ਬੱਸ ਵਿੱਚ ਸਵਾਰ ਇੱਕ 45 ਸਾਲਾ ਮਹਿਲਾ ਯਾਤਰੀ ਨੂੰ ਮਹਾਰਾਜਾ ਅਗਰਸੇਨ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਇੱਕ 55 ਸਾਲਾ ਯਾਤਰੀ ਨੂੰ ਆਈਸੀਯੂ (ਇੰਟੈਂਸਿਵ ਕੇਅਰ ਯੂਨਿਟ) ਵਿੱਚ ਦਾਖ਼ਲ ਕਰਾਇਆ ਗਿਆ। ਹਾਦਸੇ 'ਚ ਡਰਾਈਵਰ ਅਤੇ ਕੰਡਕਟਰ ਸਮੇਤ 34 ਲੋਕ ਜ਼ਖਮੀ ਹੋ ਗਏ। ਉਨ੍ਹਾਂ ਕਿਹਾ ਕਿ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 281 (ਲਾਪਰਵਾਹੀ ਨਾਲ ਡਰਾਈਵਿੰਗ), 125ਏ (ਦੂਜਿਆਂ ਦੀ ਜਾਨ ਨੂੰ ਖ਼ਤਰੇ 'ਚ ਪਾਉ) ਅਤੇ 106 (ਲਾਪਰਵਾਹੀ ਮੌਤ ਦਾ ਕਾਰਨ ਬਣਨਾ) ਦੇ ਤਹਿਤ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।
ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੱਸ ਆਪਣੀ ਨਿਰਧਾਰਤ ਲੇਨ ਵਿੱਚ ਜਾ ਰਹੀ ਸੀ। ਇੱਕ ਮੋਟਰਸਾਈਕਲ ਸਵਾਰ ਅਤੇ ਇੱਕ ਆਟੋਰਿਕਸ਼ਾ ਡਰਾਈਵਰ ਅਚਾਨਕ ਸੱਜੇ ਪਾਸੇ ਮੁੜ ਗਏ ਅਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ, ਬੱਸ ਮੈਟਰੋ ਦੇ ਖੰਭੇ ਨਾਲ ਟਕਰਾ ਗਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਸ ਡਰਾਈਵਰ ਅਤੇ ਕੰਡਕਟਰ ਦੇ ਬਿਆਨ ਦਰਜ ਕਰ ਲਏ ਗਏ ਹਨ।