ਇਕ ਵਾਰ ਫਿਰ ਰੇਲਗੱਡੀ ਪਲਟਾਉਣ ਦੀ ਕੋਸ਼ਿਸ਼, ਟ੍ਰੈਕ ’ਤੇ ਮਿਲਿਆ ਗੈਸ ਸਿਲੰਡਰ
Sunday, Sep 22, 2024 - 11:58 PM (IST)
ਕਾਨਪੁਰ - ਕਾਨਪੁਰ ਜ਼ਿਲੇ ਦੇ ਮਹਾਰਾਜਪੁਰ ਥਾਣਾ ਖੇਤਰ ’ਚ ਪ੍ਰੇਮਪੁਰ ਰੇਲਵੇ ਸਟੇਸ਼ਨ ਦੇ ਕੋਲ ਰੇਲ ਦੀ ਪਟੜੀ ’ਤੇ ਐਤਵਾਰ ਸਵੇਰੇ ਇਕ ਗੈਸ ਸਿਲੰਡਰ ਮਿਲਿਆ। ਇਸ ਤੋਂ ਬਾਅਦ ਲੋਕੋ ਪਾਇਲਟ (ਚਾਲਕ) ਨੇ ਮਾਲ-ਗੱਡੀ ਰੋਕ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਲ-ਗੱਡੀ ਦੇ ਲੋਕੋ ਪਾਇਲਟ ਵੱਲੋਂ ਐਮਰਜੈਂਸੀ ਬ੍ਰੇਕ ਲਾਉਣ ਤੋਂ ਬਾਅਦ ਐਤਵਾਰ ਸਵੇਰੇ ਇਕ ਹੋਰ ਟ੍ਰੇਨ ਨੂੰ ਪਟੜੀ ਤੋਂ ਉਤਾਰਣ ਦੀ ਕੋਸ਼ਿਸ਼ ਨਾਕਾਮ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਹੋਈ ਜਦੋਂ ਮਾਲ-ਗੱਡੀ ਕਾਨਪੁਰ ਤੋਂ ਪ੍ਰਯਾਗਰਾਜ ਵੱਲ ਜਾ ਰਹੀ ਸੀ। ਲੱਗਭਗ ਇਕ ਮਹੀਨੇ ਦੇ ਅੰਦਰ ਇਹ ਤੀਜੀ ਘਟਨਾ ਹੈ, ਜਦੋਂ ਰੇਲ ਸੇਵਾ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਐਤਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਅੱਜ ਸਵੇਰੇ ਲੱਗਭਗ 8.10 ਵਜੇ ਰੇਲਵੇ ਪ੍ਰੋਟੈਕਸ਼ਨ ਫੋਰਸ (ਆਰ. ਪੀ. ਐੱਫ.) ਨੇ ਸੂਚਨਾ ਦਿੱਤੀ ਕਿ ਪ੍ਰੇਮਪੁਰ ਸਟੇਸ਼ਨ ਤੋਂ ਇਲਾਹਾਬਾਦ ਵੱਲ ਜਾਣ ਵਾਲੇ ਰੇਲਵੇ ਮਾਰਗ ’ਤੇ ਇਕ ਗੈਸ ਸਿਲੰਡਰ ਪਟੜੀ ’ਤੇ ਰੱਖਿਆ ਹੋਇਆ ਹੈ।
ਇਸ ਸੂਚਨਾ ’ਤੇ ਸਥਾਨਕ ਪੁਲਸ ਨੇ ਤੁਰੰਤ ਪ੍ਰੇਮਪੁਰ ਰੇਲਵੇ ਸਟੇਸ਼ਨ ਪਹੁੰਚ ਕੇ ਮੌਕੇ ਦੀ ਜਾਂਚ ਕੀਤੀ ਤੇ ਪਾਇਆ ਗਿਆ ਕਿ ਲਾਲ ਰੰਗ ਦਾ ਖਾਲੀ ਸਿਲੰਡਰ ਪਟੜੀ ’ਤੇ ਰੱਖਿਆ ਹੋਇਆ ਸੀ। ਕਾਨਪੁਰ ਪੂਰਬੀ ਦੇ ਡੀ. ਸੀ. ਪੀ. ਸ਼ਰਵਣ ਕੁਮਾਰ ਸਿੰਘ ਨੇ ਦੱਸਿਆ ਕਿ ਲੋਕੋ ਪਾਇਲਟ ਨੇ ਰੇਲਵੇ ਅਧਿਕਾਰੀਆਂ ਨੂੰ ਚੌਕਸ ਕੀਤਾ, ਜਿਨ੍ਹਾਂ ਨੇ ਆਰ. ਪੀ. ਐੱਫ. ਅਤੇ ਕਾਨਪੁਰ ਪੁਲਸ ਨੂੰ ਸੂਚਨਾ ਦਿੱਤੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ।