ਚੋਰੀ ਦੇ ਸ਼ੱਕ 'ਚ ਔਰਤ ਨੂੰ ਦਰੱਖਤ ਨਾਲ ਬੰਨ੍ਹਿਆ, ਫਿਰ ਲੋਹੇ ਦੀ ਗਰਮ ਰਾਡ ਨਾਲ ਦਾਗ'ਤਾ

Wednesday, Sep 18, 2024 - 06:20 PM (IST)

ਚੋਰੀ ਦੇ ਸ਼ੱਕ 'ਚ ਔਰਤ ਨੂੰ ਦਰੱਖਤ ਨਾਲ ਬੰਨ੍ਹਿਆ, ਫਿਰ ਲੋਹੇ ਦੀ ਗਰਮ ਰਾਡ ਨਾਲ ਦਾਗ'ਤਾ

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਇਕ ਪਿੰਡ 'ਚ ਕੁਝ ਲੋਕਾਂ ਨੇ ਚੋਰੀ ਦੇ ਸ਼ੱਕ 'ਚ ਇਕ ਔਰਤ ਨੂੰ ਦਰੱਖਤ ਨਾਲ ਬੰਨ੍ਹ ਕੇ ਉਸ ਨੂੰ ਲੋਹੇ ਦੀ ਗਰਮ ਰਾਡ ਨਾਲ ਸਾੜ ਦਿੱਤਾ। ਜਦੋਂ ਔਰਤ ਦਾ ਪਤੀ ਉਸ ਨੂੰ ਛੁਡਾਉਣ ਆਇਆ ਤਾਂ ਲੋਕਾਂ ਨੇ ਉਸ ਨੂੰ ਵੀ ਦਰੱਖਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੇ ਨਾਲ ਹੀ ਹੁਣ ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਪੀੜਤਾ ਦੇ ਸਹੁਰੇ ਥਾਣੇ ਗਏ ਅਤੇ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।

ਜਾਣੋ ਕੀ ਹੈ ਪੂਰਾ ਮਾਮਲਾ?
ਮਾਮਲਾ ਜ਼ਿਲ੍ਹੇ ਦੇ ਸੁਰੌਲੀ ਥਾਣਾ ਖੇਤਰ ਦਾ ਹੈ। ਇੱਥੋਂ ਦੇ ਉਸਰਾ ਬਾਜ਼ਾਰ ਵਾਸੀ ਉਮਾਸ਼ੰਕਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 14 ਸਤੰਬਰ ਨੂੰ ਪਿੰਡ ਪਾਰਸਾ ਜੰਗਲ ਦਾ ਰਹਿਣ ਵਾਲਾ ਕਮਲੇਸ਼ ਯਾਦਵ ਉਸ ਦੀ ਨੂੰਹ ਸੰਜੂ ਦੇਵੀ, ਜੋ ਕਿ ਮਾਨਸਿਕ ਤੌਰ ’ਤੇ ਬੀਮਾਰ ਹੈ, ਨੂੰ ਆਪਣੇ ਨਾਲ ਲੈ ਗਿਆ। ਕਮਲੇਸ਼ ਨੇ ਕਿਹਾ ਸੀ ਕਿ ਉਸ ਨੇ ਸੰਜੂ ਤੋਂ ਪੁੱਛਗਿੱਛ ਕਰਨੀ ਸੀ ਪਰ ਉਸ ਨੇ ਸੰਜੂ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਗਰਮ ਲੋਹੇ ਦੀ ਰਾਡ ਨਾਲ ਸਾੜਿਆ ਗਿਆ। ਇਸ ਦੇ ਨਾਲ ਹੀ ਜਦੋਂ ਉਸ ਦਾ ਲੜਕਾ ਗੁੱਡੂ ਉਸ ਨੂੰ ਬਚਾਉਣ ਗਿਆ ਤਾਂ ਉਸ ਨੂੰ ਵੀ ਦਰੱਖਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਹੁਣ ਪੁਲਸ ਨੇ ਪੀੜਤਾ ਦੇ ਸਹੁਰੇ ਦੀ ਸ਼ਿਕਾਇਤ 'ਤੇ ਦੋਸ਼ੀ ਕਮਲੇਸ਼ ਯਾਦਵ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਔਰਤ ਨੂੰ ਚੋਰੀ ਦੇ ਸ਼ੱਕ 'ਚ ਫੜਿਆ ਸੀ।

ਕੀ ਕਹਿੰਦੀ ਹੈ ਪੁਲਸ?
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸਪੀ ਸੰਕਲਪ ਸ਼ਰਮਾ ਨੇ ਦੱਸਿਆ ਕਿ ਨੇੜਲੇ ਪਿੰਡ ਦੇ ਰਹਿਣ ਵਾਲੇ ਲੋਕਾਂ ਨੇ 35 ਸਾਲਾ ਔਰਤ ਨੂੰ ਦਰੱਖਤ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਪੀੜਤਾ ਦੇ ਸਹੁਰੇ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 


author

Sandeep Kumar

Content Editor

Related News