ਓਮ ਬਿਰਲਾ ਦੀ ਸੰਸਦ ਮੈਂਬਰਾਂ ਨੂੰ ਅਪੀਲ- ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢੋ
Thursday, Jul 20, 2023 - 10:26 AM (IST)
ਨਵੀਂ ਦਿੱਲੀ- ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਅੱਜ ਅਪੀਲ ਕੀਤੀ ਕਿ ਉਹ ਸਦਨ 'ਚ ਜਨਹਿੱਤ ਅਤੇ ਦੇਸ਼ਹਿੱਤ ਦੇ ਮੁੱਦਿਆਂ 'ਤੇ ਸਾਰਥਕ ਚਰਚਾ ਕਰ ਕੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ। ਬਿਰਲਾ ਨੇ ਆਪਣੇ ਟਵੀਟ 'ਚ ਕਿਹਾ ਕਿ ਮਾਨਸੂਨ ਸੈਸ਼ਨ ਅੱਜ ਸ਼ੁਰੂ ਹੋ ਰਿਹਾ ਹੈ। ਲੋਕ ਸਭਾ ਵਿਚ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਅਤੇ ਮਾਣਯੋਗ ਮੈਂਬਰਾਂ ਨੂੰ ਅਪੀਲ ਹੈ ਕਿ ਦੇਸ਼ ਹਿੱਤ ਅਤੇ ਜਨ ਹਿੱਤ ਦੇ ਵਿਸ਼ਿਆਂ 'ਤੇ ਸਦਨ ਵਿਚ ਸਾਰਥਕ ਚਰਚਾ ਹੋਵੇ। ਚਰਚਾ ਜ਼ਰੀਏ ਆਮ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਕੇ ਅਸੀਂ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਅੱਗੇ ਲੈ ਕੇ ਜਾਈਏ। ਆਮ ਲੋਕਾਂ ਦੀ ਵੀ ਸਾਡੇ ਤੋਂ ਇਹ ਹੀ ਉਮੀਦ ਹੈ।
ਦੱਸ ਦੇਈਏ ਕਿ ਸੰਸਦ ਦਾ ਮਾਨਸੂਨ ਸੈਸ਼ਨ 20 ਜੁਲਾਈ ਤੋਂ 11 ਅਗਸਤ ਤੱਕ ਚੱਲੇਗਾ। ਇਸ ਦੌਰਾਨ ਕਰੀਬ 31 ਬਿੱਲ ਪੇਸ਼ ਕੀਤੇ ਜਾਣੇ ਹਨ। ਇਨ੍ਹਾਂ ਵਿਚ ਦਿੱਲੀ ਦੀ ਪ੍ਰਸ਼ਾਸਨਿਕ ਵਿਵਸਥਾ ਸਬੰਧੀ ਆਰਡੀਨੈਂਸ ਦੀ ਥਾਂ ਲੈਣ ਵਾਲਾ ਬਿੱਲ ਸ਼ਾਮਲ ਹੈ।