ਪੁਰਾਣੇ ਵਾਹਨਾਂ ਨੂੰ ਸਕ੍ਰੈਪ ''ਚ ਬਦਲੋ ਤੇ ਨਵੇਂ ਵਾਹਨਾਂ ਦੀ ਖਰੀਦ ''ਤੇ ਪਾਓ 10-20 ਫੀਸਦੀ ਟੈਕਸ ਦੀ ਛੋਟ
Wednesday, Oct 02, 2024 - 11:21 PM (IST)
ਨਵੀਂ ਦਿੱਲੀ — ਦਿੱਲੀ ਸਰਕਾਰ ਆਪਣੇ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਘੋਸ਼ਿਤ ਕਰਨ ਵਾਲੇ ਵਾਹਨ ਮਾਲਕਾਂ ਨੂੰ ਨਵੇਂ ਵਾਹਨਾਂ ਦੀ ਖਰੀਦ 'ਤੇ 10-20 ਫੀਸਦੀ ਟੈਕਸ ਛੋਟ ਦੇਵੇਗੀ। ਬੁੱਧਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਮੁੱਖ ਮੰਤਰੀ ਆਤਿਸ਼ੀ ਨੇ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਵਿੱਚ ਬਦਲਣ ਦੀ ਪਹਿਲਕਦਮੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰੋਤਸਾਹਨ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੀਤੀ ਨੂੰ ਜਲਦੀ ਹੀ ਸੂਚਿਤ ਕੀਤਾ ਜਾਵੇਗਾ।
ਦਿੱਲੀ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, "ਸਰਕਾਰ ਆਪਣੇ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਵਿੱਚ ਬਦਲਣ ਦੀ ਚੋਣ ਕਰਨ ਵਾਲਿਆਂ ਨੂੰ ਤਿੰਨ ਸਾਲਾਂ ਦੇ ਅੰਦਰ ਨਵੇਂ ਵਾਹਨ ਖਰੀਦਣ 'ਤੇ ਮੋਟਰ ਵਾਹਨ ਟੈਕਸ ਵਿੱਚ ਛੋਟ ਦੇ ਕੇ ਪ੍ਰੋਤਸਾਹਨ ਪ੍ਰਦਾਨ ਕਰੇਗੀ।" ਬਿਆਨ ਅਨੁਸਾਰ ਇਸ ਪ੍ਰੋਤਸਾਹਨ ਨੀਤੀ ਤਹਿਤ ਗੈਰ-ਵਪਾਰਕ ਸੀ.ਐਨ.ਜੀ. ਅਤੇ ਪੈਟਰੋਲ ਵਾਹਨਾਂ ਦੀ ਖਰੀਦ 'ਤੇ 20 ਫੀਸਦੀ, ਵਪਾਰਕ ਸੀ.ਐਨ.ਜੀ. ਅਤੇ ਪੈਟਰੋਲ ਵਾਹਨਾਂ ਦੀ ਖਰੀਦ 'ਤੇ 15 ਫੀਸਦੀ ਅਤੇ ਡੀਜ਼ਲ ਵਾਹਨਾਂ 'ਤੇ 10 ਫੀਸਦੀ ਟੈਕਸ ਛੋਟ ਹੋਵੇਗੀ।
ਦਿੱਲੀ ਸਰਕਾਰ ਦੀ ਇਸ ਨੀਤੀ ਦਾ ਉਦੇਸ਼ ਪੁਰਾਣੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣਾ ਹੈ, ਤਾਂ ਜੋ ਘੱਟ ਪ੍ਰਦੂਸ਼ਣ ਅਤੇ ਬਿਹਤਰ ਨਿਕਾਸੀ ਮਾਪਦੰਡਾਂ ਵਾਲੇ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਸਕੀਮ ਅਧੀਨ ਲਾਭ ਲੈਣ ਲਈ, ਕਿਸੇ ਵਿਅਕਤੀ ਨੂੰ ਰਜਿਸਟਰਡ ਸੁਵਿਧਾ ਕੇਂਦਰ 'ਤੇ ਆਪਣਾ ਪੁਰਾਣਾ ਵਾਹਨ ਸਕ੍ਰੈਪ ਲਈ ਦੇਣ ਤੋਂ ਬਾਅਦ ਜਮ੍ਹਾ ਦਾ ਸਰਟੀਫਿਕੇਟ ਲੈਣਾ ਹੋਵੇਗਾ। ਉਹ ਤਿੰਨ ਸਾਲਾਂ ਦੇ ਅੰਦਰ ਨਵੇਂ ਵਾਹਨ ਦੀ ਰਜਿਸਟ੍ਰੇਸ਼ਨ ਸਮੇਂ ਇਹ ਸਰਟੀਫਿਕੇਟ ਦਿਖਾ ਕੇ ਟੈਕਸ ਛੋਟ ਪ੍ਰਾਪਤ ਕਰ ਸਕੇਗਾ।