ਕਰਜ਼ ’ਚ ਡੁੱਬੇ ਬਜ਼ੁਰਗ ਦਾ ਦਰਦ ਸੁਣ ਜੱਜ ਹੋਏ ਭਾਵੁਕ, ਆਪਣੀ ਜੇਬ ’ਚੋਂ ਭਰਿਆ ਬੈਂਕ ਦਾ ਕਰਜ਼ਾ
Sunday, Nov 13, 2022 - 01:46 PM (IST)
ਬਿਹਾਰ- ਨਿਆਇਕ ਸੇਵਾ ਨਾਲ ਜੁੜੇ ਲੋਕ ਆਮ ਲੋਕਾਂ ਦੀਆਂ ਨਜ਼ਰਾਂ ’ਚ ਸਖ਼ਤ ਹੁੰਦੇ ਹਨ ਪਰ ਬਿਹਾਰ ਦੇ ਜਹਾਨਾਬਾਦ ਦੀ ਅਦਾਲਤ ਦੇ ਜੱਜ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕਰ ਦਿੱਤੀ। ਦਰਅਸਲ ਅਦਾਲਤ ਵਿਚ ਇਕ ਬਜ਼ੁਰਗ ਫੁਟ-ਫੁਟ ਕੇ ਰੋਣ ਲੱਗਾ। ਬਜ਼ੁਰਗ ਵਿਅਕਤੀ ਪ੍ਰਤੀ ਜੱਜ ਦੀ ਦਰਿਆਦਿਲੀ ਸੁਣਵਾਈ ਦੌਰਾਨ ਹੀ ਸਾਹਮਣੇ ਆਈ। ਮਾਮਲਾ ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਨਾਲ ਸਬੰਧਤ ਹੈ। ਇੱਥੋਂ ਦੀ ਅਦਾਲਤ ਵਿਚ ਲਗਾਈ ਗਈ ਲੋਕ ਅਦਾਲਤ ਵਿਚ ਜੱਜ ਰਾਕੇਸ਼ ਕੁਮਾਰ ਸਿੰਘ ਨੇ ਕੁਝ ਅਜਿਹਾ ਕੀਤਾ ਕਿ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣ ਗਿਆ।
ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’
ਦਰਅਸਲ ਬਜ਼ੁਰਗ ਨੇ ਬੈਂਕ ਦੇ 18 ਹਜ਼ਾਰ ਰੁਪਏ ਕਰਜ਼ੇ ਵਜੋਂ ਵਾਪਸ ਕਰਨੇ ਸਨ। ਬਜ਼ੁਰਗ ਰਾਜੇਂਦਰ ਤਿਵਾੜੀ ਨੇ ਆਪਣੀ ਧੀ ਦੇ ਵਿਆਹ ਲਈ SBI ਦੇ ਕਿਸਾਨ ਕ੍ਰੇਡਿਟ ਕਾਰਡ ਤੋਂ ਕਰਜ਼ ਲਿਆ ਸੀ ਪਰ ਉਹ ਕਰਜ਼ ਨਹੀਂ ਚੁਕਾ ਸਕਿਆ। ਬੈਂਕ ਵੱਲੋਂ ਵਾਰ-ਵਾਰ ਬਜ਼ੁਰਗ ਨੂੰ ਨੋਟਿਸ ਭੇਜਿਆ ਜਾ ਰਿਹਾ ਸੀ। ਉਸ ਦਾ ਕਰਜ਼ ਵਿਆਜ ਸਮੇਤ ਵਧ ਕੇ 36 ਹਜ਼ਾਰ 775 ਰੁਪਏ ਹੋ ਗਿਆ ਸੀ। ਕਰਜ਼ ਨਾ ਚੁਕਾਉਣ ’ਤੇ ਲੋਕ ਅਦਾਲਤ ’ਚ ਕੇਸ ਪਹੁੰਚਿਆ।
ਇਹ ਵੀ ਪੜ੍ਹੋ- ‘ਪਾਪਾ ਲਈ ਕੁਝ ਵੀ ਕਰ ਸਕਦੀ ਹਾਂ’, ਕਿਡਨੀ ਦਾਨ ਕਰਨ ਤੋਂ ਪਹਿਲਾਂ ਲਾਲੂ ਯਾਦਵ ਦੀ ਧੀ ਨੇ ਕੀਤੀ ਭਾਵੁਕ ਪੋਸਟ
ਬੈਂਕ ਦੇ ਮੁੱਖ ਪ੍ਰਬੰਧਕ ਨੇ ਬਜ਼ੁਰਗ ਦੀ ਗਰੀਬੀ ਨੂੰ ਵੇਖਦੇ ਹੋਏ ਵਿਆਜ਼ ਮੁਆਫ਼ ਕਰਦੇ ਹੋਏ 18 ਹਜ਼ਾਰ ਰੁਪਏ ਜਮਾਂ ਕਰਾਉਣ ਨੂੰ ਕਿਹਾ। ਬਜ਼ੁਰਗ ਕੋਲ 5,000 ਰੁਪਏ ਹੀ ਸਨ। ਇਸ ’ਤੇ ਲੋਕ ਅਦਾਲਤ ’ਚ ਮੌਜੂਦ ਉਨ੍ਹਾਂ ਦੇ ਪਿੰਡ ਦੇ ਇਕ ਨੌਜਵਾਨ ਨੇ 3,000 ਰੁਪਏ ਦੀ ਮਦਦ ਕੀਤੀ। ਬਜ਼ੁਰਗ ਨੇ ਕਿਹਾ ਕਿ ਮੇਰੇ ਕੋਲ ਹੁਣ 8,000 ਰੁਪਏ ਹਨ। ਇਹ ਕਹਿ ਕੇ ਬਜ਼ੁਰਗ ਫੁਟ-ਫੁਟ ਕੇ ਰੋਣ ਲੱਗਾ।
ਇਹ ਵੀ ਪੜ੍ਹੋ- ਰਾਜੀਵ ਗਾਂਧੀ ਕਤਲਕਾਂਡ: ਨਲਿਨੀ ਸਣੇ 4 ਹੋਰ ਦੋਸ਼ੀ ਤਾਮਿਲਨਾਡੂ ਦੀਆਂ ਜੇਲ੍ਹਾਂ ’ਚੋਂ ਰਿਹਾਅ
ਬਜ਼ੁਰਗ ਨੂੰ ਰੋਂਦਾ ਵੇਖ ਕੇ ਜ਼ਿਲ੍ਹਾ ਜੱਜ ਰਾਕੇਸ਼ ਸਿੰਘ ਦਾ ਦਿਲ ਪਸੀਜ ਗਿਆ। ਉਨ੍ਹਾਂ ਨੇ ਆਪਣੇ ਕੋਲੋਂ ਬਾਕੀ ਦੇ 10 ਹਜ਼ਾਰ ਰੁਪਏ ਨਕਦ ਦੇ ਕੇ ਬਜ਼ੁਰਗ ਤਿਵਾੜੀ ਨੂੰ ਕਰਜ਼ ਮੁਕਤ ਕਰਵਾ ਦਿੱਤਾ। ਇਹ ਵੇਖ ਬਜ਼ੁਰਗ ਆਪਣੀਆਂ ਅੱਖਾਂ ਦੇ ਹੰਝੂਆਂ ਨੂੰ ਰੋਕ ਨਹੀਂ ਸਕਿਆ। ਗਰੀਬ ਬਜ਼ੁਰਗ ਜੱਜ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ।