ਓਡੀਸ਼ਾ ਰੇਲ ਹਾਦਸਾ: ਜ਼ਖ਼ਮੀਆਂ ਲਈ ਫ਼ਰਿਸ਼ਤਾ ਬਣਿਆ ਸ਼ਖ਼ਸ, ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਬਚਾਈ 300 ਲੋਕਾਂ ਦੀ ਜਾਨ
Saturday, Jun 03, 2023 - 04:55 PM (IST)
ਬਾਲਾਸੋਰ- ਓਡੀਸ਼ਾ ਦੇ ਬਾਲਾਸੋਰ 'ਚ ਵਾਪਰੇ ਭਿਆਨਕ ਰੇਲ ਹਾਦਸੇ ਤੋਂ ਪੂਰਾ ਦੇਸ਼ ਦੁਖੀ ਹੈ। ਹਾਦਸੇ 'ਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 900 ਤੋਂ ਵਧੇਰੇ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਹਾਦਸੇ ਮਗਰੋਂ ਬਚਾਅ ਅਤੇ ਰਾਹਤ ਕੰਮ ਜਾਰੀ ਹੈ। ਇਸ ਦਰਮਿਆਨ ਹਾਦਸੇ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਮਨੁੱਖਤਾ ਵਿਖਾਈ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ। ਲੋਕਾਂ ਨੇ ਰੇਲ ਅੰਦਰੋਂ ਬੱਚਿਆਂ ਅਤੇ ਜ਼ਖ਼ਮੀਆਂ ਨੂੰ ਤੁਰੰਤ ਉੱਥੋਂ ਕੱਢਣਾ ਸ਼ੁਰੂ ਕਰ ਦਿੱਤਾ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਇਕ ਸ਼ਖ਼ਸ ਘਟਨਾ ਵਾਲੀ ਥਾਂ ਦੇ ਨੇੜੇ ਸੀ, ਜਿਸ ਨੇ ਫਰਿਸ਼ਤਾ ਬਣ ਸੈਂਕੜੇ ਜ਼ਖ਼ਮੀਆਂ ਲੋਕਾਂ ਦੀ ਜਾਨ ਬਚਾਈ, ਜਿਸ ਨੂੰ ਅੱਜ ਹਰ ਕੋਈ ਦਿਲ ਤੋਂ ਸਲਾਮ ਕਰ ਰਿਹਾ ਹੈ।
ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਆਪਣਿਆਂ ਨੂੰ ਲੱਭਦੀਆਂ ਰੋਂਦੀਆਂ ਅੱਖਾਂ, ਮ੍ਰਿਤਕਾਂ ਦੀ ਗਿਣਤੀ ਹੋਈ 288
ਦਰਅਸਲ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਸਥਾਨਕ ਨਾਗਰਿਕ ਗਣੇਸ਼ ਨੇ ਦੱਸਿਆ ਕਿ ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਹ ਇੱਥੋਂ 200 ਮੀਟਰ ਦੂਰ ਮਾਰਕੀਟ 'ਚ ਸੀ। ਜ਼ੋਰ ਦੀ ਆਵਾਜ਼ ਸੁਣਨ ਮਗਰੋਂ ਉਹ ਘਟਨਾ ਵਾਲੀ ਥਾਂ 'ਤੇ ਪਹੁੰਚਿਆ। ਉਸ ਨੇ ਕਿਹਾ ਕਿ ਹਾਦਸੇ ਦੀ ਆਵਾਜ਼ ਸੁਣ ਕੇ ਮੈਂ ਇੱਥੇ ਪਹੁੰਚਿਆਂ ਤਾਂ ਇੱਥੇ ਰੇਲ ਦੀ ਬੋਗੀ ਅੰਦਰ ਕਈ ਲੋਕ ਫਸੇ ਹੋਏ ਸਨ ਅਤੇ ਲੋਕਾਂ ਵਿਚ ਚੀਕ-ਚਿਹਾੜਾ ਪਿਆ ਹੋਇਆ। ਅਸੀਂ ਫਸੇ ਲੋਕਾਂ ਨੂੰ ਅੰਦਰੋਂ ਕੱਢਿਆ।
ਇਹ ਵੀ ਪੜ੍ਹੋ- ਰੇਲ ਹਾਦਸੇ ਮਗਰੋਂ ਓਡੀਸ਼ਾ ਪਹੁੰਚੇ ਰੇਲ ਮੰਤਰੀ ਅਸ਼ਵਨੀ, ਕਿਹਾ- ਸਾਰਾ ਧਿਆਨ ਰਾਹਤ ਅਤੇ ਬਚਾਅ ਕੰਮ 'ਤੇ
ਗਣੇਸ਼ ਨੇ ਦੱਸਿਆ ਕਿ ਮੈਂ ਰੇਲ 'ਚ ਫਸੇ ਕਰੀਬ 200-300 ਲੋਕਾਂ ਨੂੰ ਬਾਹਰ ਕੱਢਿਆ। ਹਾਦਸੇ ਮਗਰੋਂ ਇਸ ਸ਼ਖ਼ਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਜੰਗੀ ਪੱਧਰ 'ਤੇ ਰਾਹਤ ਅਤੇ ਬਚਾਅ ਕੰਮ ਵਿਚ ਯੋਗਦਾਨ ਦਿੱਤਾ। ਲੋਕ ਮਦਦ ਲਈ ਚੀਕ-ਪੁਰਾਕ ਕਰ ਰਹੇ ਸਨ। ਸਥਾਨਕ ਲੋਕਾਂ ਦੀ ਮਦਦ ਨਾਲ ਰੇਲ ਅੰਦਰ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕਿਆ, ਜਿਸ ਵਿਚ ਬੱਚੇ ਅਤੇ ਜ਼ਖ਼ਮੀ ਵੀ ਸ਼ਾਮਲ ਰਹੇ। ਇਸ ਰੇਲ ਹਾਦਸੇ ਤੋਂ ਪੂਰਾ ਦੇਸ਼ ਸਦਮੇ 'ਚ ਹੈ। ਓਡੀਸ਼ਾ ਦੇ ਸਥਾਨਕ ਲੋਕਾਂ ਨੇ ਵੱਡੇ ਪੱਧਰ 'ਤੇ ਖ਼ੂਨਦਾਨ ਕੀਤਾ।
ਇਹ ਵੀ ਪੜ੍ਹੋ- ਭਾਰਤ 'ਚ ਪਿਛਲੇ 15 ਸਾਲਾਂ 'ਚ ਵਾਪਰੇ ਵੱਡੇ ਰੇਲ ਹਾਦਸੇ, ਓਡੀਸ਼ਾ 'ਚ ਵਾਪਰਿਆ ਰੇਲ ਹਾਦਸਾ ਸਭ ਤੋਂ ਭਿਆਨਕ
ਹੈਲਪਲਾਈਨ ਨੰਬਰ
ਹਾਦਸੇ ਤੋਂ ਬਾਅਦ ਰੇਲਵੇ ਵੱਲੋਂ ਹੈਲਪਲਾਈਨ ਸੇਵਾ ਨੰਬਰ ਜਾਰੀ ਕੀਤੇ ਗਏ ਹਨ। ਇਨ੍ਹਾਂ ਨੰਬਰਾਂ 'ਤੇ ਕਾਲ ਕਰਕੇ ਲੋਕ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਹਾਵੜਾ ਹੈਲਪਲਾਈਨ ਨੰਬਰ: 033-26382217
ਸ਼ਾਲੀਮਾਰ ਹੈਲਪਲਾਈਨ ਨੰਬਰ: 9903370746
ਖੜਗਪੁਰ ਹੈਲਪਲਾਈਨ ਨੰਬਰ: 8972073925 ਅਤੇ 9332392339
ਬਾਲਾਸੋਰ ਹੈਲਪਲਾਈਨ ਨੰਬਰ: 8249591559 ਅਤੇ 7978418322